ਕਪੂਰਥਲਾ, 5 ਨਵੰਬਰ (ਅਮਰਜੀਤ ਕੋਮਲ)-ਬਹੁਜਨ ਸਮਾਜ ਪਾਰਟੀ (ਅੰਬੇਡਕਰ) ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਉਪ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਸਮਰਥਨ ਦੇਣ ਤੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਨਾਲ ਇਕੱਠੇ ਚੋਣ ਲੜਨ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਨੋਜ ਕੁਮਾਰ ਨਾਹਰ ਕੌਮੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਅੰਬੇਡਕਰ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਦੀ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਉਨ੍ਹਾਂ ਨੇ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਚੋਣ ਲੜਣ ਲਈ ਕੁਝ ਸੀਟਾਂ ਦੇਣ ਦਾ ਭਰੋਸਾ ਦਿਵਾਇਆ ਹੈ | ਇਸੇ ਦੌਰਾਨ ਹੀ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਐਚ.ਐਸ. ਵਾਲੀਆ, ਬਸਪਾ (ਅ) ਦੇ ਕੌਮੀ ਪ੍ਰਧਾਨ ਮਨੋਜ ਕੁਮਾਰ ਨੂੰ ਮਿਲਣ ਲਈ ਉਨ੍ਹਾਂ ਦੇ ਗ੍ਰਹਿ ਕਪੂਰਥਲਾ ਪੁੱਜੇ | ਦੋਵਾਂ ਧਿਰਾਂ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਉਪ ਚੋਣ ਤੇ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਇਕੱਠਿਆਂ ਲੜਣ ਸੰਬੰਧੀ ਸਹਿਮਤੀ ਜਤਾਈ | ਇਸ ਮੌਕੇ ਬਸਪਾ ਅੰਬੇਡਕਰ ਦੇ ਕੌਮੀ ਆਗੂ ਬਲਵੰਤ ਸਿੰਘ ਸੁਲਤਾਨਪੁਰੀ, ਯੂਥ ਵਿੰਗ ਦੇ ਸੂਬਾਈ ਪ੍ਰਧਾਨ ਕਮਲਜੀਤ ਸਿੰਘ ਸਹੋਤਾ, ਭਜਨ ਸਭਰਵਾਲ, ਜਗਤਾਰ ਸਿੰਘ ਤਲਵੰਡੀ, ਦਵਿੰਦਰ ਸਿੰਘ ਸਿੱਧੂ, ਰਣਜੀਤ ਸਿੰਘ, ਪੂਰਨ ਸ਼ੇਖ, ਹਰਪ੍ਰੀਤ ਗਿੱਲ, ਪਰਮਜੀਤ ਠੇਕੇਦਾਰ, ਲਖਵਿੰਦਰ ਲੱਖਾ, ਲਵਪ੍ਰੀਤ ਸਿੰਘ, ਮਿਲਖਾ ਸਿੰਘ, ਪਿਆਰਾ ਲਾਲ ਭੱਟੀ, ਸੰਦੀਪ ਚੱਢਾ, ਬਾਬਾ ਅੰਗਰੇਜ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਜਥੇ. ਜਗਜੀਤ ਸਿੰਘ ਸ਼ੰਮੀ ਤੇ ਅਜੈ ਬਬਲਾ ਤੋਂ ਇਲਾਵਾ ਹੋਰ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਬਸਪਾ ਅੰਬੇਡਕਰ ਵਲੋਂ ਅਕਾਲੀ ਦਲ (ਬ) ਨੂੰ ਤਰਨ ਤਾਰਨ ਹਲਕੇ ਦੀ ਉਪ ਚੋਣ 'ਚ ਸਮਰਥਨ ਦੇਣ ਦਾ ਐਲਾਨ <br/>
ਅਜੀਤ ਡੈਸਕ
06-11-2025