ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਕਰਨੈਲ ਸਿੰਘ)-ਅੱਜ ਸਥਾਨਕ ਚਰਨ ਗੰਗਾ ਸਟੇਡੀਅਮ ਵਿਖੇ ਗਤਕੇਬਾਜੀ, ਨੇਜ਼ੇਬਾਜ਼ੀ, ਢਾਲ-ਤਲਵਾਰ ਦੇ ਮੁਕਾਬਲੇ ਤੇ ਸ਼ਸਤਰ ਦਰਸ਼ਨ, ਸਿਮਰਨ ਤੇ ਤਲਵਾਰ ਦਾ ਸੁਮੇਲ ਸਮਾਗਮ ਕਰਵਾਏ ਗਏ | ਮੁਕਾਬਲਿਆਂ 'ਚ ਵੱਖ ਵੱਖ ਗਤਕਾ ਅਖਾੜਿਆਂ ਅਤੇ ਅਕੈਡਮੀਆਂ ਦੀਆਂ 18 ਟੀਮਾਂ ਨੇ ਭਾਗ ਲਿਆ ਅਤੇ ਉਨ੍ਹਾਂ ਵਲੋਂ ਗੱਤਕੇਬਾਜੀ ਦੇ ਮੁਕਾਬਲਿਆਂ 'ਚ ਯੁੱਧ ਕਲਾ 'ਚ ਤਲਵਾਰ, ਢਾਲ ਤਲਵਾਰ, ਬਰਛਾ (ਇੱਕ ਮੂੰਹਾਂ, ਦੋ ਮੂੰਹਾਂ) ਸਫ਼ਾਜੰਗ, ਗੰਡਾਸੀ, ਕਮੰਦ ਤੋੜਾ, ਡਾਂਗ/ਲਾਠੀ, ਢਾਲ-ਕਟਾਰ, ਗੁਰਜ ਜਾਂ ਗਦਾ, ਦੋ ਤਲਵਾਰਾਂ, ਖੰਡਾ, ਜਮਦਾੜ, ਜਾਲ (ਚੱਕਰ) ਮਰਹੱਠੀ ਆਦਿ ਸ਼ਸ਼ਤਰਾਂ ਨਾਲ ਢਾਲ, ਕਿ੍ਪਾਨ ਦੀ ਲੜਾਈ, ਸੋਟੀ/ਫਰੀ ਸੋਟੀ ਦੀ ਲੜਾਈ, ਡਾਂਗ ਦੀ ਲੜਾਈ, ਕਟਾਰਾਂ ਦੀ ਲੜਾਈ, ਬਰਛੇ ਦੀ ਲੜਾਈ, ਪੈਂਤੜਾ, ਖੰਡਾ, ਫ਼ਤਹਿਨਾਮਾ, ਬਾਗਨਖ਼ਾ ਆਦਿ ਕਿਸਮਾਂ ਦੇ ਜੌਹਰ ਦਿਖਾਏ ਗਏ | ਇਸ ਮੌਕੇ ਸ਼ਹੀਦਾਂ ਸਿੰਘਾਂ ਗਤਕਾ ਅਖਾੜਾ ਘੁੰਮਣਾ ਨਵਾਂ ਸ਼ਹਿਰ ਦੇ ਮੁੱਖੀ ਬਾਬਾ ਆਜ਼ਾਦ ਸਿੰਘ, ਬਾਬਾ ਸੁੱਖਾ ਸਿੰਘ, ਰਣਵੀਰ ਸਿੰਘ, ਬਾਬਾ ਚਰਨਜੀਤ ਸਿੰਘ ਚੰਨੀ, ਬਾਬਾ ਹਰਜੋਤ ਸਿੰਘ, ਗੁਰਮਨਜੋਤ ਸਿੰਘ ਆਦਿ ਹਾਜ਼ਰ ਸਨ |