ਬਠਿੰਡਾ, 24 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਪ੍ਰੈਗਮਾ ਮੈਡੀਕਲ ਇੰਸਟੀਚਿਊਟ 'ਚ ਅਮਰੀਕਾ ਤੋਂ ਆਏ ਡਾ. ਹਰਵਿੰਦਰ ਚੱਢਾ ਦੇ ਨਾਲ ਡਾ. ਸਰਤਾਜ ਗਿੱਲ ਨੇ ਪੰਜਾਬ ਦੀ ਪਹਿਲੀ ਡੁਰੈਨਿਅਮ ਗੋਲਡ ਮੀ ਗੋਡੇ ਬਦਲਣ ਦੀ ਸਫਲਤਾ ਪੂਰਵਕ ਸਰਜਰੀ ਕੀਤੀ | ਇਸ ਮੌਕੇ ਡਾ. ਸਰਤਾਜ ਗਿੱਲ ਤੇ ਡਾ. ਗੁਰਸੇਵਕ ਗਿੱਲ ਨੇ ਦੱਸਿਆ ਕਿ ਡਾ. ਹਰਵਿੰਦਰ ਚੱਢਾ ਅਮਰੀਕਾ 'ਚ ਪਿਛਲੇ 20 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ | ਉਹ ਆਪਣੇ ਭਾਰਤ ਦੇ ਚਾਰ ਰੋਜ਼ਾ ਦੌਰੇ ਦੌਰਾਨ ਪ੍ਰੈਗਮਾ ਹਸਪਤਾਲ 'ਚ ਪਹੁੰਚੇ ਸਨ | ਉਨ੍ਹਾਂ ਦੱਸਿਆ ਕਿ ਡਾ. ਹਰਵਿੰਦਰ ਚੱਢਾ ਨਾਲ ਡੁਰੈਨੀਅਮ ਗੋਲਡ ਮੀ ਨਾਲ ਗੋਡਿਆਂ ਦੀ ਸਫਲਤਾਪੂਰਵਕ ਸਰਜਰੀ ਪ੍ਰ੍ਰੈਗਮਾ 'ਚ ਕੀਤੀ ਗਈ ਜੋ ਕਿ ਪੰਜਾਬ ਦੀ ਪਹਿਲੀ ਸਰਜਰੀ ਹੈ | ਉਨ੍ਹਾਂ ਕਿਹਾ ਡੁਰੈਨੀਅਮ ਗੋਲਡ ਮੀ ਅਮਰੀਕਾ 'ਚ ਬਣਿਆ ਹੈ ਤੇ ਉਥੇ ਹੀ ਇਸ ਦੀ ਕੋਟਿੰਗ ਕੀਤੀ ਗਈ ਹੈ | ਡਾ. ਸਰਤਾਜ ਗਿੱਲ ਨੇ ਕਿਹਾ ਕਿ ਡੁਰੈਨੀਅਮ ਗੋਲਡ ਮੀ 'ਚ ਵਿਟਾਮਿਨ ਈ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਲਾਈਫ਼ ਬਹੁਤ ਜ਼ਿਆਦਾ ਵੱਧ ਜਾਂਦੀ ਹੈ | ਡੁਰੈਨੀਅਮ ਗੋਲਡ ਮੀ 'ਤੇ ਇਨਬਿਨ ਕੋਟਿੰਗ ਕੀਤੀ ਜਾਂਦੀ ਹੈ, ਜਿਸ ਨਾਲ ਇਹ ਗੋਡਾ ਵਿਅਕਤੀ ਦੀ ਸਾਰੀ ਉਮਰ ਤੱਕ ਖ਼ਰਾਬ ਨਹੀਂ ਹੁੰਦਾ | ਡਾ. ਹਰਵਿੰਦਰ ਚੱਢਾ ਨੇ ਕਿਹਾ ਕਿ ਇਹ ਪਹਿਲੀ ਇਕਲੌਤੀ ਕੰਪਨੀ ਹੈ ਜਿਸ 'ਚ ਗੋਲਡ ਇਨਬਿਨ ਕੋਟਿੰਗ ਆਉਂਦੀ ਹੈ | ਉਨ੍ਹਾਂ ਕਿਹਾ ਜੇਕਰ ਦੂਸਰੀਆਂ ਕੰਪਨੀਆਂ ਦੇ ਗੋਡਿਆਂ ਦੀ ਲਾਈਫ਼ 20 ਸਾਲ ਹੈ ਤਾਂ ਇਸ ਦੀ 40 ਸਾਲ ਲਾਈਫ਼ ਹੈ ਤੇ ਇਨ੍ਹਾਂ ਗੋਡਿਆਂ ਦੀ ਕੀਮਤ ਦੂਸਰੀਆਂ ਕੰਪਨੀਆਂ ਦੇ ਬਰਾਬਰ ਹੀ ਹੈ |