ਕੋਟ ਈਸੇ ਖਾਂ, 16 ਜੂਨ (ਨਿਰਮਲ ਸਿੰਘ ਕਾਲੜਾ)-ਕੈਂਬਰਿਜ ਕਾਨਵੈਂਟ ਸਕੂਲ ਕੋਟ ਈਸੇ ਖਾਂ ਵਿਖੇ ਵਿਦਿਆਰਥੀਆਂ ਨੇ ਪਿਤਾ ਦਿਵਸ (ਫਾਦਰ ਡੇਅ) ਮਨਾਇਆ | ਸਕੂਲ ਵਿਚ ਛੁੱਟੀਆਂ ਹੋਣ ਕਰਕੇ ਵਿਦਿਆਰਥੀਆਂ ਨੇ ਘਰਾਂ ਵਿਚ ਹੀ ਆਪਣੇ ਪਿਤਾ ਪ੍ਰਤੀ ਸਤਿਕਾਰ ਪ੍ਰਗਟ ਕਰਦੀਆਂ ਵੱਖ-ਵੱਖ ਗਤੀਵਿਧੀਆਂ ਕੀਤੀਆਂ | ਬੱਚਿਆਂ ਵਲੋਂ ਕਾਰਡ ਬਣਾਏ ਗਏ, ਜਿਨ੍ਹਾਂ ਰਾਹੀਂ ਆਪਣੇ ਪਿਤਾ ਪ੍ਰਤੀ ਸਤਿਕਾਰ ਪ੍ਰਗਟ ਕੀਤਾ ਗਿਆ | ਇਸ ਮੌਕੇ ਬੱਚਿਆਂ ਨੇ ਆਪਣੇ ਪਿਤਾ ਨਾਲ ਖਿੱਚੀਆਂ ਤਸਵੀਰਾਂ ਸਾਂਝੀਆਂ ਕੀਤੀਆਂ | ਇਸ ਮੌਕੇ ਸਕੂਲ ਦੇ ਚੇਅਰਮੈਨ ਮਨਦੀਪ ਮਾਲੜਾ ਅਤੇ ਪਿ੍ੰਸੀਪਲ ਨੇ ਬੱਚਿਆਂ ਨੂੰ ਆਪਣੇ ਪਿਤਾ ਦਾ ਆਦਰ ਕਰਨ ਦੀ ਪੇ੍ਰਰਨਾ ਦਿੱਤੀ | ਉਨ੍ਹਾਂ ਕਿਹਾ ਕਿ ਇਹ ਖ਼ਾਸ ਦਿਨ ਪਿਤਾ ਦਾ ਧੰਨਵਾਦ ਕਰਨ ਅਤੇ ਸਤਿਕਾਰ ਕਰਨ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ, ਪਿਤਾ ਪਰਿਵਾਰ ਦੀ ਤਾਕਤ ਦਾ ਉਹ ਥੰਮ੍ਹ ਹੁੰਦਾ ਹੈ ਜੋ ਜ਼ਿੰਦਗੀ ਦੇ ਸਾਰੇ ਖ਼ੁਸ਼ਹਾਲ ਅਤੇ ਚੁਣੌਤੀਪੂਰਨ ਪਲਾਂ 'ਚ ਵੀ ਪਰਿਵਾਰ ਨੂੰ ਇਕਜੁੱਟ ਰੱਖਣ ਦੀ ਕੋਸ਼ਿਸ਼ ਵਿਚ ਲੱਗਿਆ ਰਹਿੰਦਾ ਹੈ | ਜੇਕਰ ਅਸੀਂ ਸਾਰੇ ਆਪਣੇ ਪਿਤਾ ਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੇ ਤਿਆਗ ਨੂੰ ਹਮੇਸ਼ਾ ਯਾਦ ਰੱਖੀਏ ਤਾਂ ਇਸ ਤੋਂ ਵੱਡਾ ਤੋਹਫ਼ਾ ਆਪਣੇ ਪਿਤਾ ਲਈ ਪਿਤਾ ਦਿਵਸ 'ਤੇ ਨਹੀਂ ਹੋ ਸਕਦਾ | ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪਿਤਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |