ਮੋਗਾ, 16 ਜੂਨ (ਸੁਰਿੰਦਰਪਾਲ ਸਿੰਘ)-ਅੱਜ ਮੋਗਾ ਸ਼ਹਿਰ ਵਿਚ ਰਾਮ ਲੀਲ੍ਹਾ ਦਾ ਮੰਚਨ ਕਰਨ ਵਾਲੀ ਸ਼ਹਿਰ ਦੀ ਪਹਿਲੀ ਸੰਸਥਾ ਸੀਤਾ ਸਵੰਬਰ ਕਲਾ ਕੇਂਦਰ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਇਸ ਮੀਟਿੰਗ ਵਿਚ ਸਮਾਜ ਸੇਵੀ ਨਵੀਨ ਸਿੰਗਲਾ ਨੂੰ ਸਰਬਸੰਮਤੀ ਨਾਲ ਕਲੱਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਮੀਟਿੰਗ ਨੂੰ ਸ੍ਰੀ ਰਾਮ ਦੇ ਨਾਅਰਿਆਂ ਨਾਲ ਅੱਗੇ ਵਧਾਉਂਦੇ ਹੋਏ ਰਾਮ ਲੀਲ੍ਹਾ ਸਮਾਗਮ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਹ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ ਰਾਮ ਲੀਲ੍ਹਾ 2 ਸਤੰਬਰ ਤੋਂ 11 ਸਤੰਬਰ 2025 ਤੱਕ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਕਰਵਾਈ ਜਾਵੇਗੀ | ਭਗਵਾਨ ਸ੍ਰੀ ਰਾਮ ਦੇ ਜੀਵਨ 'ਤੇ ਆਧਾਰਿਤ ਇਹ ਰਾਮ ਲੀਲ੍ਹਾ ਸ਼ਾਨਦਾਰ ਢੰਗ ਨਾਲ ਪੇਸ਼ ਕੀਤੀ ਜਾਵੇਗੀ, ਜਿਸ ਵਿਚ ਦਰਸ਼ਕਾਂ ਨੂੰ ਨਵੇਂ ਦਿ੍ਸ਼ ਅਤੇ ਆਕਰਸ਼ਕ ਝਾਕੀਆਂ ਦੇਖਣ ਨੂੰ ਮਿਲਣਗੀਆਂ | ਇਸ ਤੋਂ ਇਲਾਵਾ ਮੀਟਿੰਗ ਵਿਚ ਰਾਜਕਮਲ ਕਪੂਰ ਨੂੰ ਕਲੱਬ ਦਾ ਮੁੱਖ ਸਰਪ੍ਰਸਤ, ਕੁਲਦੀਪ ਗਰਗ ਨੂੰ ਚੇਅਰਮੈਨ, ਪਰਮਜੀਤ ਸਿੰਘ ਪੰਮਾ ਨੂੰ ਪ੍ਰੋਜੈਕਟ ਚੇਅਰਮੈਨ, ਕਿਸ਼ਨ ਬਾਨੀਆ ਅਤੇ ਗਗਨਦੀਪ ਮਿੱਤਲ ਨੂੰ ਡਾਇਰੈਕਟਰ, ਬਲਵਿੰਦਰ ਅਰੋੜਾ ਨੂੰ ਖ਼ਜ਼ਾਨਚੀ, ਸੋਭੀਅਤ ਨੂੰ ਸਹਿ-ਕੈਸ਼ੀਅਰ, ਸਾਗਰ ਆਹਲੂਵਾਲੀਆ ਨੂੰ ਸੀਨੀਅਰ ਉਪ ਪ੍ਰਧਾਨ, ਤੇਜਿੰਦਰ ਸਿੰਘ ਖਹਿਰਾ ਨੂੰ ਉਪ ਪ੍ਰਧਾਨ, ਸੁਸ਼ਾਂਤ ਮਜੀਠੀਆ ਨੂੰ ਸਕੱਤਰ ਨਿਯੁਕਤ ਕੀਤਾ ਗਿਆ | ਮੀਟਿੰਗ ਦੌਰਾਨ ਨਵ-ਨਿਯੁਕਤ ਪ੍ਰਧਾਨ ਨਵੀਨ ਸਿੰਗਲਾ ਨੇ ਨਵ-ਨਿਯੁਕਤ ਅਹੁਦੇਦਾਰਾਂ ਦੇ ਸਮੂਹ ਦੇ ਨਾਲ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ | ਇਸ ਮੌਕੇ ਸੰਜੇ ਰਾਵਣ, ਓਮ ਪ੍ਰਕਾਸ਼, ਤਨੂ ਜੈਦਕਾ, ਸੁਸ਼ਾਂਤ ਮਜੀਠੀਆ, ਜੱਗਾ ਗੁਲਾਟੀ, ਦੀਪਕ ਸੇਠੀ ਅਤੇ ਗੁਰਪ੍ਰਤਾਪ ਸਿੰਘ ਗੋਪੀ ਆਦਿ ਮੌਜੂਦ ਸਨ | ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਰਾਮ ਲੀਲ੍ਹਾ ਨੂੰ ਹੋਰ ਸਭਿਆਚਾਰਕ, ਅਧਿਆਤਮਿਕ ਅਤੇ ਸ਼ਾਨਦਾਰ ਬਣਾਉਣ ਲਈ ਆਪਣੇ ਸੁਝਾਅ ਅਤੇ ਸਹਿਯੋਗ ਦੇਣ ਲਈ ਸਹਿਮਤੀ ਪ੍ਰਗਟ ਕੀਤੀ | ਅੰਤ ਵਿਚ ਪਰਮਜੀਤ ਸਿੰਘ ਪੰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ |