ਅਜੀਤਵਾਲ, 18 ਜੂਨ (ਹਰਦੇਵ ਸਿੰਘ ਮਾਨ)-ਕਣਕ ਦੀ ਫ਼ਸਲ ਤੋਂ ਬਾਅਦ ਮਾਲਵਾ ਖੇਤਰ ਵਿਚ ਕਿਸਾਨਾਂ ਵਲੋਂ ਲਗਾਈ ਮੱਕੀ ਦੀ ਫ਼ਸਲ ਦੀ ਮੰਡੀਆਂ ਵਿਚ ਆਮਦ ਸ਼ੁਰੂ ਹੋ ਗਈ ਹੈ, ਪਰ ਕਈ ਥਾਵਾਂ 'ਤੇ ਇਸ ਦੀ ਖ਼ਰੀਦ ਨੂੰ ਲੈ ਕੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਨ੍ਹਾਂ ਵਿਚ ਮਾਰਕੀਟ ਕਮੇਟੀ ਅਜੀਤਵਾਲ ਅਧੀਨ ਆਉਂਦੀਆਂ ਮੰਡੀਆਂ ਤੇ ਇਲਾਕੇ ਦੇ 19 ਪਿੰਡਾਂ ਦੀ ਕੇਂਦਰ 1986 ਤੋਂ ਹੋਂਦ ਵਿਚ ਆਈ ਇਸ ਮਾਰਕੀਟ ਕਮੇਟੀ ਅਧੀਨ ਮੁੱਖ ਮੰਡੀ ਅਜੀਤਵਾਲ ਵੀ ਸੀ ਜੋ ਇੰਨੇ ਦਹਾਕਿਆਂ ਤੋਂ ਸਿਰਫ਼ ਕਣਕ-ਝੋਨੇ ਦੀ ਆਮਦ ਤੇ ਖ਼ਰੀਦ ਤੱਕ ਹੀ ਸੀਮਤ ਸੀ, ਪਰ ਇਸ ਸਾਲ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਯਤਨਾਂ ਸਦਕਾ ਪਹਿਲੀ ਮਰਤਬਾ ਮੱਕੀ ਦੀ ਫ਼ਸਲ ਦੀ ਖ਼ਰੀਦ ਦੀ ਸ਼ੁਰੂਆਤ ਹੋਈ ਹੈ, ਜਿਸ ਦੀ ਰਸਮੀ ਸ਼ੁਰੂਆਤ ਵੀ ਵਿਧਾਇਕ ਬਿਲਾਸਪੁਰ ਨੇ ਮੱਕੀ ਦੀ ਫ਼ਸਲ ਦੀ ਬੋਲੀ ਨਾਲ ਕੀਤੀ | ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਖ਼ੁਸ਼ੀ ਪ੍ਰਗਟ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨ ਭਰਾਵਾਂ ਦੀ ਖ਼ੁਸ਼ਹਾਲੀ ਲਈ ਯਤਨਸ਼ੀਲ ਹੈ, ਤੇ ਇਸੇ ਕੜੀ ਤਹਿਤ ਉਨ੍ਹਾਂ ਵਲੋਂ ਹਲਕੇ ਦੀਆਂ ਮਾਰਕੀਟ ਕਮੇਟੀਆਂ ਅਤੇ ਪ੍ਰਮੁੱਖ ਦਾਣਾ ਮੰਡੀਆਂ ਨੂੰ ਹੋਰ ਵਿਕਸਤ ਕਰਨ ਦੇ ਮਨੋਰਥ ਤਹਿਤ ਇਹ ਯਤਨ ਕੀਤਾ ਹੈ, ਜਿਸ ਨਾਲ ਮੱਕੀ ਫ਼ਸਲ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਸੌਖ ਤਾਂ ਹੋਵੇਗੀ ਹੀ ਨਾਲ ਹੀ ਹੋਰ ਕਿਸਾਨ ਵੀ ਮੱਕੀ ਫ਼ਸਲ ਦੀ ਬਿਜਾਈ ਵੱਲ ਉਤਸ਼ਾਹਿਤ ਹੋਣਗੇ | ਇਸ ਮੌਕੇ ਚੇਅਰਮੈਨ ਗੁਰਮੇਲ ਸਿੰਘ ਮੱਦੋਕੇ, ਡਿਪਟੀ ਮੰਡੀ ਅਫ਼ਸਰ ਅਮਨਪ੍ਰੀਤ ਸਿੰਘ, ਲੇਖਾਕਾਰ ਚਰਨਪ੍ਰੀਤ ਸਿੰਘ, ਆੜ੍ਹਤੀਆ ਯੂਨੀਅਨ ਪ੍ਰਧਾਨ ਜਗਜੀਤ ਸਿੰਘ ਦੌਧਰ, ਮੰਡੀ ਸੁਪਰਵਾਈਜ਼ਰ ਉਮੇਸ਼ ਕਾਲੜਾ, ਮੰਡੀ ਸੁਪਰਵਾਈਜ਼ਰ ਬਲਵਿੰਦਰ ਸਿੰਘ, ਬੋਲੀ ਕਲਰਕ ਗੁਰਕਮਲਪ੍ਰੀਤ ਸਿੰਘ, ਆਪ ਆਗੂ ਗੁਰਮੀਤ ਸਿੰਘ ਅਜੀਤਵਾਲ, ਸੁਖਦੇਵ ਸਿੰਘ ਮਿਆਣਾਂ ਸਮੇਤ ਹੋਰ ਮੌਜੂਦ ਸਨ |