ਮੋਗਾ, 19 ਜੂਨ (ਜਸਪਾਲ ਸਿੰਘ ਬੱਬੀ)-ਦਰਜਾ ਚਾਰ ਕਰਮਚਾਰੀ ਯੂਨੀਅਨ ਪੰਜਾਬ (ਚਿੰਡਾਲੀਆ) ਦੇ ਵਫ਼ਦ ਨੇ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਦੀ ਅਗਵਾਈ ਹੇਠ ਨਵੇਂ ਰੱਖੇ ਸਫ਼ਾਈ ਸੇਵਕਾਂ ਅਤੇ ਚੌਕੀਦਾਰਾਂ ਦੀਆਂ ਮੰਗਾਂ ਨੂੰ ਲੈ ਕੇ ਮੋਹਾਲੀ ਵਿਖੇ ਡੀ.ਪੀ.ਆਈ. (ਸੈਕੰਡਰੀ) ਗੁਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਕਰਮ ਚੰਦ ਚਿੰਡਾਲੀਆ ਨੇ ਦੱਸਿਆ ਕਿ ਨਵੇਂ ਰੱਖੇ ਗਏ ਸਫ਼ਾਈ ਸੇਵਕਾਂ ਨੂੰ ਬੱਚਿਆਂ ਦੀ ਗਿਣਤੀ 100 ਤੋਂ ਘੱਟ ਜਾਣ ਦੀ ਸੂਰਤ ਵਿਚ ਨੌਕਰੀ ਤੋਂ ਨਾ ਹਟਾਇਆ ਜਾਵੇ, ਇਨ੍ਹਾਂ ਕਰਮਚਾਰੀਆਂ ਦੀਆਂ ਤਨਖ਼ਾਹਾਂ ਹਰ ਮਹੀਨੇ ਇਨ੍ਹਾਂ ਦੇ ਖਾਤਿਆਂ ਵਿਚ ਪਾਈਆਂ ਜਾਣ | ਸਫ਼ਾਈ ਸੇਵਕਾਂ ਅਤੇ ਚੌਕੀਦਾਰਾਂ ਦੇ ਕੰਮ ਕਰਨ ਦਾ ਡਿਊਟੀ ਚਾਰਟ ਬਣਾ ਕੇ ਸਕੂਲ ਮੁਖੀਆਂ ਨੂੰ ਭੇਜੇ ਜਾਣ, ਇਨ੍ਹਾਂ ਕਰਮਚਾਰੀਆਂ ਨੂੰ ਹਰ ਸਾਲ ਗਰਮ ਅਤੇ ਠੰਢੀ ਵਰਦੀ ਦਿੱਤੀ ਜਾਵੇ, ਸਫ਼ਾਈ ਸੇਵਕਾਂ ਅਤੇ ਚੌਕੀਦਾਰਾਂ ਨੂੰ ਖਾਲੀ ਪਈਆਂ ਅਸਾਮੀਆਂ ਤੇ ਐਡਜਸਟ ਕੀਤਾ ਜਾਵੇ, ਇਨ੍ਹਾਂ ਸਫ਼ਾਈ ਸੇਵਕਾਂ ਅਤੇ ਚੌਕੀਦਾਰਾਂ ਦੀ ਘੱਟੋ ਘੱਟ ਦੁਗਣੀ ਤਨਖ਼ਾਹ ਕੀਤੀ ਜਾਵੇ, ਇਨ੍ਹਾਂ ਕਰਮਚਾਰੀਆਂ ਨੂੰ ਛੁੱਟੀਆਂ ਦੀ ਤਨਖ਼ਾਹ ਵੀ ਦਿੱਤੀ ਜਾਵੇ | ਉਨ੍ਹਾਂ ਦੱਸਿਆ ਕਿ ਡੀ.ਪੀ.ਆਈ. ਦੇ ਨਾਲ ਪਾਰਟ ਟਾਈਮ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਹੈ | ਇਸ ਵਫ਼ਦ ਵਿਚ ਬੀਬੀ ਕਿਰਨ ਬਾਲਾ, ਸੁਖਦੇਵ ਸਿੰਘ, ਸੁਰੇਸ਼ ਕੁਮਾਰ ਵੀ ਹਾਜ਼ਰ ਸਨ |