ਠੱਠੀ ਭਾਈ, 19 ਜੂਨ (ਜਗਰੂਪ ਸਿੰਘ ਮਠਾੜੂ)- ਆਮ ਆਦਮੀ ਪਾਰਟੀ ਦੇ ਝੂਠ, ਦਿੱਲੀ ਮਾਡਲ ਦੀ ਢੀਠ ਨਕਲ ਅਤੇ ਗੱਲਾਂ ਦੇ ਪਹਾੜ ਬਣਾਉਣ ਵਾਲੀ ਸਿਆਸਤ ਤੋਂ ਪੰਜਾਬ ਦੇ ਲੋਕ ਬੇਹੱਦ ਨਾਰਾਜ਼ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ | ਜਥੇਦਾਰ ਮਾਹਲਾ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਵਾਅਦੇ ਕਰਕੇ ਲੋਕਾਂ ਨੂੰ ਧੋਖਾ ਦਿੱਤਾ, ਨੌਕਰੀਆਂ, ਮੁਫ਼ਤ ਸੇਵਾਵਾਂ ਅਤੇ ਨਸ਼ਾ ਮੁਕਤੀ ਦੀਆਂ ਗੱਲਾਂ ਕਰਕੇ ਸਿਰਫ਼ ਸੱਤਾ ਲਈ ਜਨਤਾ ਦੀਆਂ ਭਾਵਨਾਵਾਂ ਨਾਲ ਖੇਡਿਆ, ਉਸ ਨਾਲ ਪੰਜਾਬੀ ਭਾਈਚਾਰੇ ਵਲੋਂ ਲਏ ਗਏ ਸੁਪਨੇ ਬੁਰੀ ਤਰ੍ਹਾਂ ਟੁੱਟ ਕੇ ਚੂਰ ਚੂਰ ਹੋ ਚੁੱਕੇ ਹਨ | ਹੁਣ ਲੋਕ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਕਿ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਕਿਵੇਂ ਠੱਗ ਰਹੀ ਹੈ | ਉਨ੍ਹਾਂ ਦਿ੍ੜ ਇਰਾਦੇ ਨਾਲ ਵਿਸ਼ਵਾਸ ਜਿਤਾਉਂਦਿਆਂ ਕਿਹਾ ਕਿ ਲੋਕ ਮੁੜ ਅਸਲ ਪੰਜਾਬੀ ਸੱਭਿਆਚਾਰ, ਕਿਸਾਨੀ, ਧਾਰਮਿਕ ਮਾਮਲਿਆਂ ਅਤੇ ਪੰਜਾਬੀ ਪਹਿਚਾਣ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਆ ਰਹੇ ਹਨ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਫਿਰ ਤੋਂ ਪੰਜਾਬ 'ਚ ਅਕਾਲੀ ਸਰਕਾਰ ਬਣਾਈਏ |