ਧਰਮਕੋਟ, 20 ਜੂਨ (ਪਰਮਜੀਤ ਸਿੰਘ)-ਨਜ਼ਦੀਕੀ ਪਿੰਡ ਭਿੰਡਰ ਖ਼ੁਰਦ ਦਾ ਇਕ ਨੌਜਵਾਨ ਲੰਘੀ ਰਾਤ ਲਾਪਤਾ ਹੋ ਗਿਆ | ਉਹ ਰਾਤੀਂ ਤਕਰੀਬਨ ਦਸ ਵਜੇ ਖੇਤ ਨੂੰ ਪਾਣੀ ਲਗਾਉਣ ਗਿਆ ਸੀ, ਪਰ ਮੁੜ ਘਰ ਨਹੀਂ ਪਰਤਿਆ | ਲਾਪਤਾ ਨੌਜਵਾਨ ਦੀ ਪਹਿਚਾਣ ਕੁਲਵਿੰਦਰ ਸਿੰਘ (25) ਪੁੱਤਰ ਰਜਿੰਦਰ ਸਿੰਘ ਵਜੋਂ ਹੋਈ ਹੈ | ਨੌਜਵਾਨ ਕੁਲਵਿੰਦਰ ਸਿੰਘ ਪਿੰਡ ਭਿੰਡਰ ਖ਼ੁਰਦ ਦੇ ਖ਼ੁਸ਼ਹਾਲ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਿਤ ਹੈ ਅਤੇ ਇਸ ਦਾ ਦੂਸਰਾ ਭਰਾ ਵਿਦੇਸ਼ ਇਟਲੀ ਵਿਚ ਰਹਿੰਦਾ ਹੈ | ਪਰਿਵਾਰ ਵਲੋਂ ਗੁੰਮ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ | ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਕੁਲਵਿੰਦਰ ਸਿੰਘ ਪਿੰਡ ਤੋਂ ਕੁਝ ਦੂਰ ਇੰਦਰਗੜ੍ਹ-ਭਿੰਡਰ ਵਿਚਕਾਰ ਨਹਿਰ ਪਾਸ ਆਪਣੇ ਖੇਤ ਨੂੰ ਲਗਾਏ ਜਾ ਰਹੇ ਪਾਣੀ ਦਾ ਨੱਕਾ ਮੋੜਨ ਗਿਆ ਸੀ | ਜਦੋਂ ਲੰਬਾ ਸਮਾਂ ਬੀਤ ਜਾਣ 'ਤੇ ਵੀ ਉਹ ਘਰ ਵਾਪਸ ਨਾ ਮੁੜਿਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਫ਼ੋਨ ਬੰਦ ਆ ਰਿਹਾ ਸੀ | ਇਸ ਤੋਂ ਬਾਅਦ ਉਸ ਦੀ ਤਲਾਸ਼ ਆਰੰਭੀ ਗਈ | ਅੱਜ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਨਹਿਰ ਦੇ ਇਰਦ ਗਿਰਦ ਉਸ ਦੀ ਭਾਲ ਆਰੰਭੀ | ਗੋਤਾ ਖੋਰਾਂ ਦੀ ਮਦਦ ਨਾਲ ਨਹਿਰ ਵਿਚ ਵੀ ਉਸ ਦੀ ਭਾਲ ਸ਼ੁਰੂ ਕੀਤੀ ਗਈ ਹੈ | ਉਸ ਦਾ ਮੋਟਰ ਸਾਈਕਲ ਵੀ ਨਹੀਂ ਮਿਲਿਆ ਹੈ | ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਿਤੇ ਲੁਟੇਰੇ ਉਸ ਨੂੰ ਨਹਿਰ ਵਿਚ ਧੱਕਾ ਦੇ ਕੇ ਤੇ ਮੋਟਰਸਾਈਕਲ ਲੈ ਕੇ ਫ਼ਰਾਰ ਨਾ ਹੋ ਗਏ ਹੋਣ | ਨਹਿਰ ਦੇ ਪੁਲ ਉੱਪਰੋਂ ਹਲਕੇ ਝਰੀਟਾਂ ਦੇ ਨਿਸ਼ਾਨ ਮਿਲੇ ਹਨ | ਇਸ ਸਬੰਧੀ ਥਾਣਾ ਧਰਮਕੋਟ ਦੇ ਮੁਖੀ ਜਤਿੰਦਰ ਸਿੰਘ ਦਾ ਕਹਿਣਾ ਸੀ ਕਿ ਨੌਜਵਾਨ ਦੀ ਗੁੰਮਸ਼ੁਦਗੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ | ਉਨ੍ਹਾਂ ਦੱਸਿਆ ਕਿ ਉਹ ਮੌਕੇ 'ਤੇ ਪੁੱਜੇ ਹੋਏ ਹਨ ਅਤੇ ਸਾਰੇ ਪੱਖਾਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ |