• ਖਾਦਾਂ, ਕੀਟਨਾਸ਼ਕਾਂ ਦੇ ਲਏ ਸੈਂਪਲ, ਦੁਕਾਨਾਂ ਕੀਤੀਆਂ ਸੀਲ, ਮਾਲਕ ਖ਼ਿਲਾਫ਼ ਕੇਸ ਦਰਜ ਠੱਠੀ ਭਾਈ, 20 ਜੂਨ (ਜਗਰੂਪ ਸਿੰਘ ਮਠਾੜੂ)-ਪੰਜਾਬ ਸਰਕਾਰ ਅਤੇ ਡਾ. ਬਸੰਤ ਗਰਗ ਪ੍ਰਬੰਧਕੀ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀਆਂ ਹਦਾਇਤਾਂ ਤੇ ਕਿਸਾਨਾਂ ਨੂੰ ਉੱਚ ਮਿਆਰ ਦੇ ਖੇਤੀ ਇਨਪੁੱਟਸ ਮੁਹੱਈਆ ਕਰਾਉਣ ਲਈ ਡਾ. ਨਰਿੰਦਰਪਾਲ ਸਿੰਘ ਬੈਨੀਪਾਲ, ਜੁਆਇੰਟ ਡਾਇਰੈਕਟਰ ਖੇਤੀਬਾੜੀ, ਪੰਜਾਬ ਦੀ ਅਗਵਾਈ ਹੇਠ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਫਲਾਇੰਗ ਸਕੂਏਡ ਟੀਮ ਵਲੋਂ ਮੋਗਾ ਜ਼ਿਲੇ੍ਹ ਦੇ ਬਲਾਕ ਬਾਘਾ ਪੁਰਾਣਾ ਅਧੀਨ ਪੈਂਦੇ ਥਾਣਾ ਸਮਾਲਸਰ ਹੇਠਲੇ ਪਿੰਡ ਸਾਹੋਕੇ ਵਿਖੇ ਇਕ ਅਣਅਧਿਕਾਰਤ ਗੁਦਾਮ ਵਿਚ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਖਾਦ ਅਤੇ ਕੀਟਨਾਸ਼ਕ ਦਵਾਈਆਂ ਫੜੀਆਂ ਗਈਆਂ | ਇਸ ਗੁਦਾਮ ਦੇ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਗੁਦਾਮ ਉਨ੍ਹਾਂ ਵਲੋਂ ਪਿਊਸ ਗੋਇਲ ਵਾਸੀ ਕੋਟਕਪੂਰਾ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ | ਇਸ ਸਬੰਧੀ ਉਨ੍ਹਾਂ ਨੇ ਕਿਰਾਏਨਾਮਾ ਵੀ ਮੌਕੇ 'ਤੇ ਦਿਖਾਇਆ | ਪਿਊਸ ਗੋਇਲ ਦੇ ਚਾਚਾ ਕਿ੍ਸ਼ਨ ਦੀ ਹਾਜ਼ਰੀ ਵਿਚ ਇਹ ਗੁਦਾਮ ਖੋਲਿ੍ਹਆ ਗਿਆ ਅਤੇ ਵੇਖਿਆ ਗਿਆ ਕਿ ਇਸ ਗੁਦਾਮ ਵਿਚ ਅਣਅਧਿਕਾਰਤ ਤੌਰ ਤੇ ਖਾਦਾਂ ਅਤੇ ਕੀਟਨਾਸ਼ਕ ਸਟੋਰ ਕੀਤੇ ਗਏ ਹਨ | ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਗੁਦਾਮ ਵਿਚ ਜ਼ਿੰਕ ਸਲਫ਼ੇਟ 33 ਫ਼ੀਸਦੀ ਅਤੇ ਯੂਰੀਆ ਖਾਦ ਤੋਂ ਇਲਾਵਾ ਭਾਰੀ ਮਾਤਰਾ ਵਿਚ ਕੀਟਨਾਸ਼ਕ ਸਨ | ਇਹ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਨੂੰ ਕਰਾਪ ਕੈਮੀਕਲ ਇੰਡੀਆ ਲਿਮ, ਸ੍ਰੀ ਰਾਮ ਕੈਮੀਕਲ ਪ੍ਰਾਈਵੇਟ ਲਿਮਟਿਡ ਅਤੇ ਇਫਕੋ ਵਲੋਂ ਤਿਆਰ ਕੀਤਾ ਗਿਆ ਹੈ | ਜ਼ਿੰਕ ਸਲਫ਼ੇਟ ਖਾਦ ਨੂੰ ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲ ਕੋਟਾ ਵਲੋਂ ਮਾਰਕੀਟ ਕੀਤਾ ਗਿਆ ਹੈ | ਕਿ੍ਸ਼ਨ ਵਲੋਂ ਮੌਕੇ ਤੇ ਇਨ੍ਹਾਂ ਖਾਦਾਂ ਅਤੇ ਦਵਾਈਆਂ ਸਬੰਧੀ ਕੋਈ ਵੀ ਲਾਇਸੰਸ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤਾ ਜਾ ਸਕਿਆ | ਜ਼ਿੰਕ ਸਲਫ਼ੇਟ ਦੇ ਥੈਲਿਆਂ ਤੇ ਬੈਚ ਨੰਬਰ ਅਤੇ ਖਾਦ ਨੂੰ ਬਣਾਉਣ ਦੀ ਮਿਤੀ, ਮਿਆਦ ਖ਼ਤਮ ਹੋਣ ਦੀ ਮਿਤੀ ਨਹੀਂ ਸੀ, ਜਿਸ ਕਰਕੇ ਜਾਪਦਾ ਹੈ ਕਿ ਇਹ ਖਾਦ ਜਾਅਲੀ ਹੈ | ਇਸ ਲਈ ਚੈਕਿੰਗ ਟੀਮ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਖਾਦ ਦੇ ਤਿੰਨ ਅਤੇ ਕੀਟਨਾਸ਼ਕਾਂ ਦੇ 2 ਸੈਂਪਲ ਲੈ ਕੇ ਪਰਖ ਕਰਨ ਲਈ ਲੈਬਾਰਟਰੀ ਵਿਚ ਭੇਜ ਦਿੱਤੇ ਗਏ ਹਨ | ਇਸ ਗੁਦਾਮ ਨੂੰ ਵਿਭਾਗ ਵਲੋਂ ਸੀਲ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਸਮਾਲਸਰ ਵਲੋਂ ਕਥਿਤ ਦੋਸ਼ੀ ਵਿਰੁੱਧ ਐਫ.ਆਈ.ਆਰ. ਦਰਜ ਕਰਕੇ ਤਫ਼ਤੀਸ਼ ਅਰੰਭ ਕਰ ਦਿੱਤੀ ਗਈ ਹੈ | ਇਸ ਚੈਕਿੰਗ ਟੀਮ ਵਿਚ ਡਾ. ਨਰਿੰਦਰਪਾਲ ਸਿੰਘ ਜੇ.ਡੀ.ਏ., ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ, ਡਾ. ਬਲਜਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫ਼ਸਰ, ਮੋਗਾ, ਡਾ. ਜਤਿੰਦਰ ਸਿੰਘ ਏ.ਡੀ.ਓ. (ਪੀ.ਪੀ.) ਪੰਜਾਬ, ਡਾ. ਮਨਜੀਤ ਸਿੰਘ ਏ.ਡੀ.ਓ. (ਪੀ.ਪੀ.) ਲੁਧਿਆਣਾ, ਡਾ. ਜਸਬੀਰ ਕੌਰ ਏ.ਡੀ.ਓ. (ਇਨਫੋਰਸਮੈਂਟ) ਮੋਗਾ, ਡਾ. ਖ਼ੁਸ਼ਦੀਪ ਸਿੰਘ ਏ.ਡੀ.ਓ. (ਪੀ.ਪੀ.) ਮੋਗਾ, ਡਾ. ਨਵਦੀਪ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਬਾਘਾ ਪੁਰਾਣਾ ਅਤੇ ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਬਾਘਾ ਪੁਰਾਣਾ ਹਾਜ਼ਰ ਸਨ | ਇਸ ਮੌਕੇ ਥਾਣਾ ਸਮਾਲਸਰ ਦੇ ਮੁੱਖ ਅਫ਼ਸਰ ਜਨਕ ਰਾਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਬਰਾਮਦ ਹੋਈਆਂ ਕੀਟਨਾਸ਼ਕ ਦਵਾਈਆਂ ਅਤੇ ਹੋਰ ਸਮਾਨ ਆਪਣੇ ਕਬਜ਼ੇ ਵਿਚ ਲੈ ਲਿਆ |