ਮੋਗਾ, 22 ਜੂਨ (ਗੁਰਤੇਜ ਸਿੰਘ ਬੱਬੀ)- 'ਆਪ' ਦੇ ਸੀਨੀਅਰ ਆਗੂ ਅਤੇ ਡਾਇਰੈਕਟਰ ਲਾਰਜ ਸਕੇਲ ਇੰਡਸਟਰੀਜ਼ ਕਾਰਪੋਰੇਸ਼ਨ ਅਜੇ ਸ਼ਰਮਾ ਨੇ ਸਥਾਨਕ ਸ਼ਹਿਰ ਦੇ ਮੁਹੱਲਾ ਬੇਰੀਆਂ ਵਾਲਾ ਸਥਿਤ ਡੇਰਾ ਬਾਬਾ ਦੁਰਗਾ ਨਾਥ ਅਤੇ ਦਰਿਆਈਾ ਨਾਥ ਦੇ ਸਾਲਾਨਾ ਮੇਲੇ 'ਤੇ ਆਪਣੀ ਧਰਮ ਪਤਨੀ ਰਿੰਪੀ ਗਰੇਵਾਲ ਮਹਿਲਾ ਵਿੰਗ ਦੇ ਮੀਤ ਪ੍ਰਧਾਨ ਪੰਜਾਬ ਨਾਲ਼ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਤੇ ਦੂਰੋਂ-ਦੂਰੋਂ ਆਏ ਹੋਏ ਸੰਤ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਲਿਆ | ਅਜੇ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਮਾਨਸਿਕ ਤੇ ਆਤਮਿਕ ਖ਼ੁਸ਼ੀ ਮਹਿਸੂਸ ਹੋਈ ਹੈ ਕਿਉਂਕਿ ਸਾਲਾਨਾ ਮੇਲੇ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਾਧੂ ਲੋਕ ਪਹੁੰਚੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਮੇਲੇ ਸਾਡੀ ਆਪਸੀ ਪਿਆਰ, ਏਕਤਾ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਹਨ | ਉਨ੍ਹਾਂ ਇਸ ਮੌਕੇ ਡੇਰੇ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਮੁਹੱਲਾ ਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੇਲੇ 'ਚ ਪੁੱਜਣ ਦਾ ਮੌਕਾ ਦਿੱਤਾ |