ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੇ ਵਿਕਾਸ ਕਾਰਜਾਂ ਤਹਿਤ ਵਾਰਡ ਨੰਬਰ 16 ਟਿੱਬਾ ਬਸਤੀ ਵਿਚ ਸੜਕਾਂ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ਕੌਂਸਲਰ ਵਿਜੇ ਭੂਸ਼ਨ ਟੀਟੂ, ਯੂਥ ਆਗੂ ਮਿਲਾਪ ਸਿੰਘ, ਬਲਾਕ ਪ੍ਰਧਾਨ ਅਤੇ ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਸਾਬਕਾ ਕੌਂਸਲਰ ਰਾਕੇਸ਼ ਕਾਲਾ ਬਜਾਜ, ਡਿੰਪੀ ਗਿੱਲ, ਜਗਰੂਪ ਸਿੰਘ, ਸਰਪੰਚ ਪਰਮ ਮਹੇਸ਼ਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੌਜੂਦ ਸਨ | ਇਸ ਮੌਕੇ ਹਲਕਾ ਵਿਧਾਇਕਾ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਗਰਾਂਟ ਪ੍ਰਾਪਤ ਕਰ ਕੇ ਮੋਗਾ ਸ਼ਹਿਰ ਦੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 16 ਵਿਚ ਜੋ ਵੀ ਕੰਮ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ | ਇਸ ਮੌਕੇ ਕੌਂਸਲਰ ਵਿਜੇ ਭੂਸ਼ਨ ਟੀਟੂ ਅਤੇ ਵਾਰਡ ਵਾਸੀਆਂ ਨੇ ਵਾਰਡ ਵਿਚ ਵਿਕਾਸ ਕਾਰਜ ਸ਼ੁਰੂ ਕਰਨ ਲਈ ਇਲਾਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕੀਤਾ |