ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਦੀ ਪ੍ਰਧਾਨਗੀ ਹੇਠ ਡੀ.ਸੀ. ਦਫ਼ਤਰ ਮੋਗਾ ਵਿਖੇ ਹੋਈ | ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਜਗਤਾਰ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਅੱਜ ਕੱਲ੍ਹ ਪਿੰਡ ਗਿੱਲ ਵਿਖੇ ਰਹਿੰਦਾ ਹੈ, ਉਹ ਹੜ੍ਹ ਪੀੜਤਾਂ ਲਈ ਮਦਦ ਪਹੁੰਚਾਉਣ ਖ਼ਾਤਰ ਕਿਸਾਨਾਂ ਦੇ ਨਾਲ ਗੁਰਦਾਸਪੁਰ ਦੇ ਬਲਾਕ ਪਰਾਣਾ ਸ਼ਾਲਾ ਅਤੇ ਬਲਾਕ ਕਾਹਨੂੰਵਾਲ ਦੇ ਪਿੰਡਾਂ ਵਿਚ ਗਿਆ ਸੀ ਜਿੱਥੇ ਕਿ ਉਹ ਅਚਾਨਕ ਬਿਮਾਰ ਹੋ ਗਿਆ | ਉਸ ਨੂੰ ਉੱਥੇ ਮਕੇਰੀਆਂ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਅਚਾਨਕ ਮੌਤ ਹੋ ਗਈ | ਇਸ ਸਬੰਧ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਚਾਰੂਮਿਤਾ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਉਸ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ, ਇਕ ਜੀ ਨੂੰ ਸਰਕਾਰੀ ਨੌਕਰੀ ਅਤੇ ਕਰਜ਼ਾ ਮਾਫ਼ ਕੀਤਾ ਜਾਵੇ | ਮੀਟਿੰਗ ਵਿਚ ਉਪਰੋਕਤ ਤੋਂ ਬਿਨਾਂ ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘੱਲ ਕਲਾਂ, ਗੁਰਦਾਸ ਸਿੰਘ ਸੇਖਾ ਕਲਾਂ, ਇਕਬਾਲ ਸਿੰਘ ਸਿੰਘਾਂਵਾਲਾ, ਬੂਟਾ ਸਿੰਘ ਭਾਗੀਕੇ, ਸੁਖਵਿੰਦਰ ਸਿੰਘ, ਕਾਲਾ ਲੰਗੇਆਣਾ ਅਤੇ ਗੁਰਦੇਵ ਸਿੰਘ ਕਿਸ਼ਨਪੁਰਾ ਸ਼ਾਮਿਲ ਸਨ |