ਮੋਗਾ, 23 ਅਕਤੂਬਰ (ਗੁਰਤੇਜ ਸਿੰਘ ਬੱਬੀ)-ਸਥਾਨਕ ਸ਼ਹਿਰ ਦੇ ਨੇਚਰ ਪਾਰਕ ਦੇ ਸਥਾਨ 'ਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆ ਕੇ ਹਰ ਸੋਮਵਾਰ ਜ਼ਹਿਰ ਮੁਕਤ ਆਰਗੈਨਿਕ ਤਰੀਕੇ ਨਾਲ ਤਿਆਰ ਖਾਣ ਪੀਣ ਵਾਲੀਆਂ ਵਸਤੂਆਂ ਦਾ ਬਾਜ਼ਾਰ ਲਗਾਇਆ ਜਾਂਦਾ ਹੈ ਅਤੇ ਇਸ ਸੋਮਵਾਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਐਤਕੀਂ ਦਾ ਬਾਜ਼ਾਰ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਲਗਾਇਆ ਗਿਆ ਜਿਸ ਵਿਚ ਸਪੈਸ਼ਲ ਤੌਰ 'ਤੇ ਏਕਮ ਆਰਗੈਨਿਕ ਘੱਲ ਕਲਾਂ ਵਲੋਂ ਦੇਸੀ ਘਿਉ ਵਿਚ ਤਿਆਰ ਕੀਤੀਆਂ ਮਠਿਆਈਆਂ, ਬਿਸਕੁਟ, ਪੰਜੀਰੀ, ਹਲਦੀ ਦੇਸੀ, ਹਲਦੀ ਅੰਬ, ਸਰ੍ਹੋਂ ਦਾ ਤੇਲ, ਨਾਰੀਅਲ ਤੇਲ, ਛੋਲਿਆਂ ਦਾ ਆਟਾ ਅਤੇ ਦੇਸੀ ਮਸਾਲਿਆਂ ਦਾ ਸਟਾਲ ਲਗਾਇਆ ਗਿਆ | ਏਕਮ ਆਰਗੈਨਿਕ ਦੇ ਸੰਚਾਲਕ ਹਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਆਪਣੇ ਫਾਰਮ ਵਿਚ ਕੁਦਰਤੀ ਖੇਤੀ ਕਰ ਕੇ ਚੀਜ਼ਾਂ ਤਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਜ਼ਹਿਰ ਮੁਕਤ ਵਸਤਾਂ ਦਿੱਤੀਆਂ ਜਾਣ ਤਾਂ ਕਿ ਲੋਕ ਬਿਮਾਰੀਆਂ ਤੋਂ ਬਚ ਸਕਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਪਿੰਦਰ ਸਿੰਘ ਚੂਹੜਚੱਕ, ਗੋਪੀ ਚੂਹੜਚੱਕ, ਗੁਰਬਿੰਦਰ ਬੀਰੋਕੇ, ਗੁਰਮੀਤ ਸਿੰਘ ਐਕਸੀਅਨ, ਗੁਰਮੀਤ ਸਿੰਘ ਵੈਦ ਕਿਸਾਨ ਹਾਜ਼ਰ ਸਨ |