04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬੀ.ਕੇ.ਯੂ. ਏਕਤਾ ਉਗਰਾਹਾਂ ਦੀ ਮੀਟਿੰਗ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ

ਅਜੀਤ ਡੈਸਕ 06-11-2025
ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ ਜਿਸ ਵਿਚ ਆਗੂਆਂ ਨੇ ਦੱਸਿਆ ਕਿ ਪੰਜਾਬ ਵਿਚ ਆਏ ਹੜ੍ਹਾਂ ਕਰ ਕੇ ਬਹੁਤ ਸਾਰੇ ਕਿਸਾਨਾਂ ਦੀ ਜਾਨ ਚਲੀ ਗਈ, ਘਰ ਢਹਿ ਗਏ, ਪਸ਼ੂ ਰੁੜ੍ਹ ਗਏ, ਜ਼ਮੀਨਾਂ ਦਰਿਆ 'ਚ ਹੀ ਖ਼ੁਰਦ-ਬੁਰਦ ਹੋ ਗਈਆਂ, ਫ਼ਸਲਾਂ ਤਬਾਹ ਹੋ ਗਈਆਂ | ਇਸ ਤੋਂ ਬਾਅਦ ਝੋਨੇ 'ਤੇ ਹਲਦੀ ਰੋਗ ਅਤੇ ਮਦਰਾ ਰੋਗ ਦੇ ਹਮਲੇ ਕਰ ਕੇ ਝੋਨੇ ਦਾ ਝਾੜ ਅੱਠ ਤੋਂ 10 ਕੁਵਿੰਟਲ ਕਿੱਲੇ ਮਗਰ ਘੱਟ ਗਿਆ ਹੈ ਅਤੇ ਕਈ ਕਿਸਾਨਾਂ ਨੂੰ ਤਾਂ ਝੋਨਾ ਵਾਹੁਣਾ ਪਿਆ | ਹੁਣ ਪਰਾਲੀ ਦਾ ਪ੍ਰਬੰਧ ਕਰਨ ਲਈ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿਚ ਮਸ਼ੀਨਰੀ ਨਹੀਂ ਦਿੱਤੀ ਗਈ ਤੇ ਨਾ ਹੀ ਨਗਦ ਸਹਾਇਤਾ ਦਿੱਤੀ ਗਈ ਹੈ | ਪ੍ਰਬੰਧਾਂ ਦੀ ਅਣਹੋਂਦ ਕਰ ਕੇ ਕਿਸਾਨਾਂ ਨੂੰ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾਉਣੀ ਪੈ ਰਹੀ ਹੈ ਤੇ ਸਰਕਾਰ ਵਲੋਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ | ਡੀ.ਏ.ਪੀ. ਦੀ ਭਾਰੀ ਘਾਟ ਹੈ ਜਿਸ ਕਰ ਕੇ ਕਣਕ ਦੀ ਬਜਾਈ ਲੇਟ ਹੋ ਰਹੀ ਹੈ | ਸੰਯੁਕਤ ਕਿਸਾਨ ਮੋਰਚੇ ਵਲੋਂ ਪਹਿਲਾਂ 8 ਅਕਤੂਬਰ ਨੂੰ ਜ਼ਿਲਿ੍ਹਆਂ ਦੇ ਡੀ.ਸੀ. ਰਾਹੀਂ ਹੜ੍ਹ ਪੀੜਤਾਂ ਦੀਆਂ ਮੰਗਾਂ ਤੇ ਹੋਰ ਮਸਲਿਆਂ ਨੂੰ ਲੈ ਕੇ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਗਿਆ ਸੀ ਤੇ ਚਾਰ ਨਵੰਬਰ ਨੂੰ ਫਿਰ ਮੰਗ ਪੱਤਰ ਡੀ.ਸੀ. ਰਾਹੀਂ ਭੇਜਿਆ ਗਿਆ ਹੈ ਪਰ ਅਜੇ ਤੱਕ ਸਰਕਾਰ ਵਲੋਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ | ਜਥੇਬੰਦੀ ਦੀ ਮੰਗ ਹੈ ਕਿ ਮੰਗ ਪੱਤਰ ਵਿਚ ਦਰਜ ਮੰਗਾਂ ਲਾਗੂ ਕੀਤੀਆਂ ਜਾਣ | ਬਿਜਲੀ ਸੋਧ ਬਿੱਲ ਰਾਜਾਂ ਦੇ ਅਧਿਕਾਰਾਂ 'ਤੇ ਡਾਕਾ ਹੈ ਇਹ ਰੱਦ ਕੀਤਾ ਜਾਵੇ, ਹਲਦੀ ਰੋਗ ਤੇ ਬੋਨਾ ਰੋਗ ਕਾਰਨ ਘਟੇ ਝਾੜ ਦਾ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਵਿੰਟਲ ਬੋਨਸ ਦਿੱਤਾ ਜਾਵੇ, ਨੈਸ਼ਨਲ ਗਰੀਨ ਟਿ੍ਬਿਊਨਲ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਨਿਪਟਾਰੇ ਲਈ ਕਿਸਾਨਾਂ ਨੂੰ ਮਸ਼ੀਨਰੀ ਅਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ | ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘੱਲ ਕਲਾਂ, ਜਗੀਰ ਸਿੰਘ ਹਿੰਮਤਪੁਰਾ, ਕਾਕਾ ਸਿੰਘ ਮਾਛੀਕੇ, ਕੁਲਦੀਪ ਕੌਰ ਕੁੱਸਾ, ਕਰਮਜੀਤ ਕੌਰ ਹਿੰਮਤਪੁਰਾ, ਗੁਰਦੇਵ ਸਿੰਘ ਕਿਸ਼ਨਪੁਰਾ, ਜਗਜੀਤ ਸਿੰਘ ਮੱਦੋਕੇ, ਗੁਰਦਾਸ ਸਿੰਘ ਸੇਖਾ ਕਲਾਂ, ਲਖਬੀਰ ਸਿੰਘ ਚੜਿੱਕ, ਇਕਬਾਲ ਸਿੰਘ ਸਿੰਘਾਂਵਾਲਾ ਤੇ ਜਸਵਿੰਦਰ ਸਿੰਘ ਘੱਲ ਕਲਾਂ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਡੇਰਾ ਝਿੜੀ ਚੂਹੜਚੱਕ ਵਿਖੇ ਧਾਰਮਿਕ ਸਮਾਗਮ 9 ਤੋਂ ਅਗਲੀ ਖ਼ਬਰ ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਵਲੋਂ ਮੋਗਾ ਵਿਚ ਹਰਮਨਪ੍ਰੀਤ ਦੇ ਨਾਂਅ 'ਤੇ ਅੰਤਰ-ਰਾਸ਼ਟਰੀ ਕਿ੍ਕਟ ਸਟੇਡੀਅਮ ਬਣਾਉਣ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।