ਬਾਘਾ ਪੁਰਾਣਾ, 5 ਨਵੰਬਰ (ਟਿੰਕੂ ਕਾਠਪਾਲ)-ਮਾਲਵੇ ਦਾ ਪ੍ਰਸਿੱਧ ਤੇ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਲੈ ਕੇ ਅਖੰਡ ਪਾਠਾਂ ਦੇ ਭੋਗ ਪਾਏ | ਕੀਰਤਨ ਭਾਈ ਕਮਲਜੀਤ ਸਿੰਘ ਦੇ ਜਥੇ ਵਲੋਂ ਅਤੇ ਹਜੂਰੀ ਰਾਗੀ ਭਾਈ ਸੋਹਣ ਸਿੰਘ, ਹੈੱਡ ਗ੍ਰੰਥੀ ਸ਼ਮਿੰਦਰ ਸਿੰਘ ਵਲੋਂ ਕੀਤਾ ਗਿਆ | ਭਾਈ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਵੀ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਬੋਧਨ ਕੀਤਾ | ਇਸ ਮੌਕੇ ਸਜੇ ਦੀਵਾਨ ਦੇ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਇਕ ਨਵੀਂ ਦਿਸ਼ਾ ਦਿੱਤੀ ਅਤੇ ਸਮਾਜ ਵਿਚ ਸਮਾਨਤਾ, ਸੇਵਾ ਤੇ ਸਚਾਈ ਦਾ ਪੱਧਰ ਕਾਇਮ ਕੀਤਾ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਸਿਰਫ਼ ਧਾਰਮਿਕ ਨਹੀਂ ਸਗੋਂ ਜੀਵਨ ਜਿਊਣ ਦੀ ਇਕ ਸੰਪੂਰਨ ਵਿਧੀ ਹੈ | ਜੇਕਰ ਹਰ ਮਨੁੱਖ ਉਨ੍ਹਾਂ ਦੇ ਉਪਦੇਸ਼ਾਂ 'ਤੇ ਅਮਲ ਕਰੇ ਤਾਂ ਸਮਾਜ ਵਿਚ ਪਿਆਰ, ਭਾਈਚਾਰਾ ਅਤੇ ਸ਼ਾਂਤੀ ਆ ਸਕਦੀ ਹੈ | ਸੰਤ ਬਾਬਾ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਗੁਰਬਾਣੀ ਨਾਲ ਜੁੜ ਕੇ ਜੀਵਨ ਨੂੰ ਆਤਮਿਕ ਤੌਰ 'ਤੇ ਮਜ਼ਬੂਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੋ ਵਿਅਕਤੀ ਗੁਰੂ ਦੀ ਸਿੱਖਿਆ 'ਤੇ ਅਮਲ ਕਰਦਾ ਹੈ ਉਹ ਕਦੇ ਵੀ ਜੀਵਨ ਵਿੱਚ ਭਟਕਦਾ ਨਹੀਂ | ਇਸ ਮੌਕੇ ਇੰਦਰਜੀਤ ਸਿੰਘ ਬੀੜ ਚੜਿੱਕ ਸਾਬਕਾ ਚੇਅਰਮੈਨ, ਬਿੱਲੂ ਸਿੰਘ ਧਰਮ ਸਿੰਘ, ਅਜਮੇਰ ਸਿੰਘ, ਸੁੱਖਾ ਸਿੰਘ ਮੋਗਾ, ਸੁਖਵਿੰਦਰ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਹਰਮੇਲ ਸਿੰਘ ਮੋੜ, ਸਿੰਘ, ਹੈੱਡ ਗ੍ਰੰਥੀ ਸੋਹਣ ਸਿੰਘ, ਡਾਕਟਰ ਅਵਤਾਰ ਸਿੰਘ, ਰਾਜਵਿੰਦਰ ਸਿੰਘ ਸੁਲਹਾਣੀ ਵੀ ਹਾਜ਼ਰ ਸਨ | ਸਮਾਗਮ ਦੌਰਾਨ ਗੁਰੂ ਦੇ ਲੰਗਰ ਵੀ ਅਟੁੱਟ ਵਰਤੇ |