ਸੰਗਰੂਰ, 16 ਜੂਨ (ਅਮਨਦੀਪ ਸਿੰਘ ਬਿੱਟਾ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ 22 ਜੂਨ ਨੂੰ ਲੇਖਕ ਭਵਨ ਸੰਗਰੂਰ ਵਿਖੇ ਸਭਾ ਦਾ ਗਿਆਰ੍ਹਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੀ ਪ੍ਰਧਾਨਗੀ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਕਰਨਗੇ | ਉੱਘੇ ਕਹਾਣੀਕਾਰ ਸੁਖਮਿੰਦਰ ਸੇਖੋਂ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ | ਸਮਾਗਮ ਵਿਚ 'ਪੰਜਾਬੀ ਸਾਹਿਤ ਲਈ ਸਾਹਿਤ ਸਭਾਵਾਂ ਦਾ ਯੋਗਦਾਨ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਦੇ ਮੁੱਖ ਬੁਲਾਰੇ ਮਿੱਤਰ ਸੈਨ ਮੀਤ ਸੰਚਾਲਕ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਹੋਣਗੇ | ਵਿਚਾਰ ਚਰਚਾ ਦਾ ਆਰੰਭ ਸਭਾ ਦੇ ਸਰਪ੍ਰਸਤ ਡਾ. ਮੀਤ ਖਟੜਾ ਕਰਨਗੇ, ਜਿਸ ਵਿਚ ਹਾਜ਼ਰ ਵਿਦਵਾਨ ਹਿੱਸਾ ਲੈਣਗੇ | ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਮਿੱਤਰ ਸੈਨ ਮੀਤ ਵਲੋਂ ਦੋ ਅਲਮਾਰੀਆਂ ਭੇਟ ਕਰ ਕੇ ਲੇਖਕ ਭਵਨ ਦੀ ਲਾਇਬਰੇਰੀ ਦਾ ਉਦਘਾਟਨ ਵੀ ਕੀਤਾ ਜਾਵੇਗਾ, ਜਿਨ੍ਹਾਂ ਵਿਚੋਂ ਇੱਕ ਅਲਮਾਰੀ ਮਿੱਤਰ ਸੈਨ ਮੀਤ ਵਲੋਂ ਅਤੇ ਦੂਜੀ ਅਲਮਾਰੀ ਨਿਰਮਲ ਸਿੰਘ ਕੰਧਾਲਵੀ ਸੰਚਾਲਕ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਯੂ.ਕੇ. ਵਲੋਂ ਭੇਟ ਕੀਤੀ ਗਈ ਹੈ | ਇਸ ਸਮਾਗਮ ਵਿਚ ਲੋਕ ਪੱਖੀ ਗੀਤਕਾਰ ਅਤੇ ਗਾਇਕ ਧਰਮੀ ਤੁੰਗਾਂ ਨੂੰ 'ਲੋਕ ਗਾਇਕ ਲਾਲ ਚੰਦ ਯਮਲਾ ਜੱਟ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸਭਾ ਵਲੋਂ ਪ੍ਰਕਾਸ਼ਿਤ ਕਰਵਾਏ ਜਾ ਰਹੇ ਚੌਥੇ ਕਾਵਿ-ਸੰਗ੍ਰਹਿ ਲਈ ਰਚਨਾਵਾਂ ਇਕੱਤਰ ਕੀਤੀਆਂ ਜਾਣਗੀਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ |