ਮਸਤੂਆਣਾ ਸਾਹਿਬ, 16 ਜੂਨ (ਦਮਦਮੀ)-ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਪਿ੍ੰਸੀਪਲ ਡਾ. ਅਮਨਦੀਪ ਕੌਰ ਨੂੰ ਚੰਡੀਗੜ੍ਹ ਦੇ ਹਿਆਤ ਰੀਜੈਂਸੀ ਵਿਖੇ ਹੋਏ ਉੱਚ-ਸਿੱਖਿਆ ਲੀਡਰਾਂ ਦੇ ਸੰਮੇਲਨ ਵਿਚ ਭਾਗ ਲਿਆ | ਇਸ ਸੰਮੇਲਨ ਵਿਚ ਉੱਤਰੀ-ਭਾਰਤ ਦੀਆਂ ਵੱਖ-ਵੱਖ ਉੱਚ-ਸਿੱਖਿਆ ਸੰਸਥਾਵਾਂ ਦੇ ਵਾਈਸ-ਚਾਂਸਲਰ, ਡੀਨ, ਪਿ੍ੰਸੀਪਲ ਅਤੇ ਫੈਕਲਟੀ ਮੈਂਬਰ ਸ਼ਾਮਲ ਹੋਏ | ਬੁਲਾਰਿਆਂ ਨੇ 'ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਉੱਚ-ਸਿੱਖਿਆ ਦੇ ਵਿਸ਼ਵੀਕਰਨ' ਸੰਬੰਧੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਤਾਂ ਜੋ ਭਵਿੱਖ ਲਈ ਸਥਿਰ ਅਤੇ ਵਿਸ਼ਵੀਕਰਨ ਅਨੁਕੂਲ ਸਿੱਖਿਆ ਸੰਸਥਾਵਾਂ ਦਾ ਵਿਕਾਸ ਕੀਤਾ ਜਾ ਸਕੇ | ਸੰਮੇਲਨ ਦੌਰਾਨ ਜਿੱਥੇ ਸਾਲ 2025 ਲਈ ਵਿਭਿੰਨ ਕੈਟਾਗਰੀਆਂ ਵਿਚ ਉੱਚ-ਸਿੱਖਿਆ ਲੀਡਰਾਂ ਨੂੰ ਐਵਾਰਡ ਵੀ ਪ੍ਰਦਾਨ ਕੀਤੇ ਗਏ, ਉੱਥੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੀ ਪਿ੍ੰਸੀਪਲ ਡਾ. ਅਮਨਦੀਪ ਕੌਰ ਨੂੰ ਉਨ੍ਹਾਂ ਦੇ ਵਾਤਾਵਰਨ ਸਿੱਖਿਆ ਅਤੇ ਬਾਟਨੀ ਵਿਸ਼ੇ ਵਿਚ ਖੋਜ-ਅਧਿਐਨ, 60 ਤੋਂ ਵੱਧ ਰਿਸਰਚ ਪੇਪਰ ਪ੍ਰਕਾਸ਼ਿਤ ਅਤੇ 12 ਕਿਤਾਬਾਂ ਦੇ ਲੇਖਕ ਹੋਣ ਵਜੋਂ 'ਅਧਿਆਪਨ ਉੱਤਮਤਾ' ਕੈਟਾਗਰੀ ਵਿਚ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਹ 'ਉੱਚ-ਸਿੱਖਿਆ ਲੀਡਰ ਕਨਕਲੇਵ ਅਤੇ ਐਵਾਰਡ ਸਮਾਰੋਹ 2025' ਦਾ ਆਯੋਜਨ' ਆਬਜ਼ਰਵ-ਨਾਓ ਮੀਡੀਆ' ਸੰਗਠਨ ਦੁਆਰਾ ਆਨਲਾਈਨ ਮੀਟਿੰਗਾਂ ਅਤੇ ਵੈਬਿਨਾਰਾਂ ਲਈ ਵੀਡੀਓ-ਸੰਚਾਰ ਪਲੇਟਫ਼ਾਰਮ 'ਜ਼ੂਮ' ਅਤੇ 'ਇੰਸਟੀਚਿਊਟ ਆਫ਼ ਚਾਰਟਰਡ ਫਾਈਨੈਂਸ਼ੀਅਲ ਐਨਾਲਿਸਟਸ ਆਫ਼ ਇੰਡੀਆ' ਹੈਦਰਾਬਾਦ, ਤੇਲੰਗਾਨਾ ਦੇ ਸਹਿਯੋਗ ਨਾਲ ਕੀਤਾ ਗਿਆ ਸੀ | ਡਾਕਟਰ ਅਮਨਦੀਪ ਕੌਰ ਨੂੰ ਇਹ ਐਵਾਰਡ ਮਿਲਣ ਦੀ ਖ਼ੁਸ਼ੀ ਵਿਚ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਪਿ੍ੰਸੀਪਲ ਨੂੰ ਐਵਾਰਡ ਮਿਲਣਾ ਸੱਚਮੁੱਚ ਸੰਸਥਾ ਲਈ ਇੱਕ ਮਾਣ ਵਾਲਾ ਪਲ ਹੁੰਦਾ ਹੈ, ਜੋ ਪਿ੍ੰਸੀਪਲ ਦੀ ਲੀਡਰਸ਼ਿਪ ਅਤੇ ਕਾਲਜ ਦੀਆਂ ਸਮੁੱਚੀਆਂ ਪ੍ਰਾਪਤੀਆਂ 'ਤੇ ਸਕਾਰਾਤਮਿਕ ਤੌਰ 'ਤੇ ਪ੍ਰਤੀਬਿੰਬਤ ਹੁੰਦਾ ਹੈ | ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਡਾਕਟਰ ਭੁਪਿੰਦਰ ਸਿੰਘ ਪੂਨੀਆ ਅਤੇ ਹੋਰ ਕੌਂਸਲ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਪਿ੍ੰਸੀਪਲਾਂ ਤੇ ਸਟਾਫ਼ ਮੈਂਬਰਾਂ ਵਲੋਂ ਡਾਕਟਰ ਅਮਨਦੀਪ ਕੌਰ ਨੂੰ ਇਹ ਅਧਿਆਪਨ ਉੱਤਮਤਾ ਐਵਾਰਡ ਮਿਲਣ ਦੀ ਖ਼ੁਸ਼ੀ ਵਿਚ ਵਧਾਈਆਂ ਦਿੱਤੀਆਂ ਗਈਆਂ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਐਵਾਰਡ ਹਾਸਲ ਕਰਨ ਲਈ ਕਾਮਨਾ ਕੀਤੀ ਗਈ |