ਮਲੇਰਕੋਟਲਾ, 16 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਬੀਤੇ ਦਿਨੀਂ ਆਏ ਨੀਟ ਪ੍ਰੀਖਿਆ ਦੇ ਨਤੀਜਿਆਂ 'ਚ ਮਲੇਰਕੋਟਲਾ ਦਾ ਨਾਮ ਚਮਕਾਉਣ ਵਾਲੇ ਬੱਚੇ ਸਾਡੇ ਸਮਾਜ ਲਈ ਪ੍ਰੇਰਨਾ ਸਰੋਤ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਮਲੇਰਕੋਟਲਾ ਦੀ ਹੋਣਹਾਰ ਧੀ ਟਿਸ਼ਾ ਜੈਨ, ਜਿਸ ਨੇ ਨੀਟ ਯੂ.ਜੀ. ਪ੍ਰੀਖਿਆ 'ਚ ਪੰਜਾਬ ਦੀਆਂ ਕੁੜੀਆਂ ਵਿਚੋਂ ਪਹਿਲਾ ਤੇ ਦੇਸ਼ ਵਿਚੋਂ 51 ਵਾਂ ਸਥਾਨ ਹਾਸਲ ਕੀਤਾ, ਦੇ ਘਰ ਪੁੱਜ ਕੇ ਟਿਸ਼ਾ ਜੈਨ ਤੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਆਪਣੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਵਲੋਂ ਇਸ ਹੋਣਹਾਰ ਬੇਟੀ ਦੀ ਹੌਸਲਾ-ਅਫ਼ਜ਼ਾਈ ਕਰਨ ਸਮੇਂ ਕੀਤਾ | ਉਨ੍ਹਾਂ ਆਖਿਆ ਕਿ ਟਿਸ਼ਾ ਜੈਨ ਮਿਹਨਤੀ ਬੱਚਿਆਂ ਲਈ ਚਾਨਣ ਮੁਨਾਰਾ ਹੈ ਤੇ ਮਲੇਰਕੋਟਲਾ ਸ਼ਹਿਰ ਦੇ ਵਿਦਿਆਰਥੀਆਂ ਲਈ ਇੱਕ ਅਜਿਹੀ ਕੋਚਿੰਗ ਸੰਸਥਾ ਦੀ ਜ਼ਰੂਰਤ ਹੈ ਜਿਸ ਵਿਚੋਂ ਉਹ ਆਈ.ਏ.ਐਸ, ਆਈ.ਪੀ.ਐਸ ਤੇ ਨੀਟ ਨਾਲ ਸਬੰਧਿਤ ਪ੍ਰੀਖਿਆਵਾਂ ਦੀ ਤਿਆਰ ਕਰ ਸਕਣ | ਕਿਉਂਕਿ ਸ਼ਹਿਰ ਦੇ ਵਿਦਿਆਰਥੀਆਂ ਨੂੰ ਕੋਚਿੰਗ ਲੈਣ ਲਈ ਲੁਧਿਆਣਾ, ਬਠਿੰਡਾ, ਚੰਡੀਗੜ੍ਹ ਜਾਂ ਮੋਹਾਲੀ ਵਰਗੇ ਜ਼ਿਲਿ੍ਹਆਂ ਵਿਚ ਜਾਣਾ ਪੈਂਦਾ ਹੈ ਜਿਸ ਕਾਰਨ ਬੱਚਿਆਂ ਦਾ ਮਾਲੀ ਨੁਕਸਾਨ ਤੇ ਸਮਾਂ ਬਰਬਾਦ ਹੁੰਦਾ ਹੈ | ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਜਦ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਮਲੇਰਕੋਟਲਾ ਵਿਚ ਅਜਿਹੀ ਸੰਸਥਾ ਜ਼ਰੂਰ ਸਥਾਪਤ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਦੀਪ ਸਿੰਗਲਾ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ |