ਸੰਗਰੂਰ, 17 ਜੂਨ (ਅਮਨਦੀਪ ਸਿੰਘ ਬਿੱਟਾ)-ਰਿਆਸਤੀ ਸ਼ਹਿਰ ਸੰਗਰੂਰ ਕਦੇ ਆਪਣੇ ਸੁਹੱਪਣ ਅਤੇ ਸੁੰਦਰਤਾ ਕਾਰਨ ਵਿਸ਼ਵ ਪ੍ਰਸਿੱਧ ਸੀ ਪਰ ਅੱਜ ਪਤਾ ਨਹੀ ਕਿਸੇ ਦੀ ਨਜ਼ਰ ਇਸ ਸ਼ਹਿਰ ਨੂੰ ਲੱਗ ਗਈ ਹੈ ਕਿ ਮੌਜੂਦਾ ਸਮੇਂ ਇਸ ਦੀ ਦੁਰਦਸ਼ਾ ਪਹਿਲੀ ਨਜ਼ਰੀ ਆਪਣੇ ਆਪ ਨੂੰ ਆਪ ਹੀ ਬਿਆਨ ਕਰ ਰਹੀ ਹੈ | ਕਹਿਣ ਨੂੰ ਅੱਜ ਸੰਗਰੂਰ ਨੂੰ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਹੋਣ ਦਾ ਮਾਣ ਵੀ ਹਾਸਲ ਹੈ ਪਰ ਨਿੱਕੀ ਜਿਹੀ ਬਰਸਾਤ ਹੋਣ ਉੱਤੇ ਹੀ ਇਹ ਸ਼ਹਿਰ ਇੱਕ ਝੀਲ ਦਾ ਰੂਪ ਧਾਰਨ ਕਰ ਜਾਂਦਾ ਹੈ | ਸਭ ਤੋਂ ਮਾੜੀ ਹਾਲਤ ਬੱਸ ਅੱਡੇ ਦੇ ਬਾਹਰ ਬਣੀ ਮਾਰਕੀਟ ਦੀ ਦੇਖਣ ਨੂੰ ਮਿਲਦੀ ਹੈ | ਜ਼ਿਕਰਯੋਗ ਹੈ ਕਿ ਅੱਜ ਤੜਕਸਾਰ ਤੋਂ ਹੀ ਸੰਗਰੂਰ ਵਿਚ ਹੋ ਰਹੀ ਬਰਸਾਤ ਨੇ ਸ਼ਹਿਰ ਦੀ ਵਿਵਸਥਾ ਨੂੰ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ | ਬੱਸ ਅੱਡੇ ਦੇ ਬਾਹਰ ਸਵੇਰੇ ਡਿਊਟੀ ਉੱਤੇ ਜਾਣ ਵਾਲੇ ਨੌਕਰੀਪੇਸ਼ਾ ਲੋਕਾਂ ਡਾਢੇ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ | ਗੋਡੇ-ਗੋਡੇ ਖੜ੍ਹਾ ਪਾਣੀ ਉਨ੍ਹਾਂ ਨੂੰ ਬੱਸ ਅੱਡੇ ਜਾਣ ਲਈ ਇੱਕ ਵੱਡੀ ਦੁਵਿਧਾ ਬਣਿਆ ਦਿਖਾਈ ਦੇ ਰਿਹਾ ਸੀ ਕਿਉਂਕਿ ਬਰਸਾਤੀ ਗੰਦੇ ਪਾਣੀ ਦੇ ਬਦੌਲਤ ਇੱਥੋਂ ਲੰਘਣਾ ਬੇਹੱਦ ਦੁਸ਼ਵਾਰ ਬਣਿਆ ਹੋਇਆ ਹੈ |
ਹਰ ਨਿੱਕੀ ਜਿਹੀ ਬਰਸਾਤ ਰਿਕਸ਼ਾ/ਆਟੋ ਚਾਲਕਾਂ ਦੀ ਬਣਾਉਂਦੀ ਹੈ ਚਾਂਦੀ
ਸੰਗਰੂਰ, ਸੰਗਰੂਰ ਦੇ ਵਿਚ ਪੈਣ ਵਾਲੀ ਹਰ ਬਰਸਾਤ ਵਿਚ ਇੱਥੋਂ ਦੇ ਬਾਜ਼ਾਰ ਵਿਚ ਬਰਸਾਤੀ ਪਾਣੀ ਖੜ ਜਾਂਦਾ ਹੈ ਅਤੇ ਸਭ ਤੋਂ ਵੱਧ ਅਸਰ ਬੱਸ ਅੱਡੇ ਦੇ ਬਾਹਰ ਦੇਖਣ ਨੂੰ ਨਜ਼ਰੀ ਪੈਦਾ ਹੈ | ਬੱਸ ਅੱਡੇ ਜਾ ਬਾਜ਼ਾਰ ਦੇ ਦੂਜੇ ਹਿੱਸੇ ਤੱਕ ਜਾਣ ਲਈ ਖੜੇ ਗੰਦੇ ਪਾਣੀ ਵਿਚ ਲੰਘਣ ਤੋਂ ਅਸਮਰਥ ਨੌਕਰੀਪੇਸ਼ਾ, ਵਪਾਰੀ ਜਾ ਹੋਰ ਕੰਮਕਾਜੀ ਲੋਕਾਂ ਨੂੰ ਰਿਕਸ਼ਾ ਆਦਿ ਦਾ ਸਹਾਰਾ ਲੈਣਾ ਪੈਦਾ ਹੈ ਅਤੇ ਲੋਕਾਂ ਦੀ ਇਸ ਮਜਬੂਰੀ ਦਾ ਰਿਕਸ਼ਾ ਚਾਲਕ ਵੀ ਭਰਪੂਰ ਲਾਹਾ ਲੈਂਦੇ ਹਨ | ਰਿਕਸ਼ਾ ਜਾ ਆਟੋ ਚਾਲਕਾਂ ਛੋਟੇ ਜਿਹੇ ਲਾਂਘੇ ਦਾ ਪੰਜਾਹ ਤੋਂ ਸੌ ਰੁਪਏ ਵਸੂਲ ਕਰਦੇ ਹਨ | ਇੱਥੋਂ ਇਹ ਵੀ ਵਰਨਣਯੋਗ ਹੈ ਕਿ ਬੱਸ ਅੱਡੇ ਦੇ ਦੂਜੇ ਪਾਸੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਤਹਿਸੀਲ ਦਫ਼ਤਰ ਸਥਿਤ ਹੈ | ਕੰਮਕਾਜੀ ਦਿਨ ਹੋਣ ਕਾਰਨ ਇੱਥੇ ਖੜੇ ਗੰਦੇ ਪਾਣੀ ਵਿਚੋਂ ਲੰਘਣਾ ਹਰ ਵਿਅਕਤੀ ਲਈ ਇੱਕ ਚੁਨੌਤੀ ਬਣਿਆ ਹੋਇਆ ਹੈ | ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਅਜੇ ਮਾਨਸੂਨ ਆਈ ਵੀ ਨਹੀ ਕਿ ਇੱਕ ਛੋਟੀ ਜਿਹੀ ਬਰਸਾਤ ਨੇ ਇੱਥੋਂ ਦੋ ਲੋਕਾਂ ਦਾ ਜੀਵਨ ਮੁਹਾਲ ਕਰ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਸਭ ਸਰਕਾਰ ਦੀ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਸੰਭਵ ਹੋਇਆ ਹੈ ਕਿਉਂਕਿ ਜੇ ਪ੍ਰਸ਼ਾਸਨ ਨੇ ਸੀਵਰੇਜ ਲਾਈਨਾਂ ਦਾ ਸਫ਼ਾਈ ਸਮਾਂ ਰਹਿੰਦਿਆਂ ਕਰਵਾਈ ਹੁੰਦੀ ਤਾਂ ਅਜਿਹੀ ਹਾਲਤ ਨਹੀ ਸੀ ਬਣਨੀ ਜੋ ਅੱਜ ਬਣ ਚੁੱਕੀ ਹੈ |
'ਆਪ' ਆਗੂ ਵੱਡੇ-ਵੱਡੇ ਦਾਅਵੇ ਕਰਨ ਦੀ ਬਜਾਏ ਜ਼ਿੰਮੇਵਾਰੀਆਂ ਵੱਲ ਧਿਆਨ ਦੇਣ-ਪੂਨੀਆ
ਸੰਗਰੂਰ, ਭਾਜਪਾ ਦੇ ਸੂਬਾਈ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਸੰਗਰੂਰ ਸ਼ਹਿਰ ਮੱਧ ਵਰਗੀ ਦਫ਼ਤਰੀ ਬਾਬੂਆਂ ਅਤੇ ਛੋਟੇ ਦੁਕਾਨਦਾਰ, ਵਪਾਰੀਆਂ ਦਾ ਸ਼ਹਿਰ ਮੰਨਿਆ ਜਾਂਦਾ ਹੈ ਪਰ ਇਹੋ ਜਿਹੀਆਂ ਬਰਸਾਤਾਂ ਹੀ ਇੱਥੋਂ ਦੇ ਜਨ ਜੀਵਨ ਅਤੇ ਵਪਾਰ ਨੂੰ ਠੱਪ ਕਰ ਕੇ ਰੱਖ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਤਜਰਬੇ ਤੋਂ ਵਾਂਝੇ ਆਪ ਆਗੂਆਂ ਦੀ ਪ੍ਰਸ਼ਾਸਨ ਉੱਤੇ ਪਕੜ ਨਹੀਂ ਹੈ | ਜਿਸ ਕਾਰਨ ਸਾਫ਼ ਸਫ਼ਾਈ ਸੀਵਰੇਜ, ਨਾਲਿਆਂ ਦੀ ਨਾ ਹੋਣ ਕਾਰਨ ਅਕਸਰ ਹੀ ਅਜਿਹੇ ਹਾਲਤ ਸੰਗਰੂਰ ਵਿਚ ਬਣ ਜਾਂਦੇ ਹਨ |
ਨਗਰ ਕੌਂਸਲ ਦੇ ਹਾਊਸ ਵਿਚ ਉਠਾਵਗਾਂ ਮੁੱਦਾ-ਢੀਂਗਰਾ
ਸੰਗਰੂਰ, ਨਗਰ ਕੌਂਸਲ ਸੰਗਰੂਰ ਦੇ ਹਾਊਸ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਸੰਗਰੂਰ ਵਿਚ ਛੋਟੀ ਜਿਹੀ ਬਰਸਾਤ ਹੋਣ ਉਪਰੰਤ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਮੁੱਦਾ ਉਹ ਨਗਰ ਕੌਂਸਲ ਦੇ ਹਾਊਸ ਦੀ ਹੋਣ ਵਾਲੀ ਮੀਟਿੰਗ ਵਿਚ ਉਠਾਉਣਗੇ ਅਤੇ ਸੱਤਾਧਾਰੀ ਧਿਰ ਤੋਂ ਜਵਾਬ ਮੰਗਣਗੇ |
ਨਿਕਾਸੀ ਅਤੇ ਬਰਸਾਤੀ ਪਾਣੀ ਦੇ ਹੱਲ ਲਈ ਪੂਰੀ ਤਰ੍ਹਾਂ ਗੰਭੀਰ-ਭੁਪਿੰਦਰ ਸਿੰਘ ਨਹਿਲ
ਸੰਗਰੂਰ, ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਕਿਹਾ ਕਿ ਬੱਸ ਅੱਡੇ ਬਾਹਰ ਮਾਰਕੀਟ ਵਿਚ ਇੰਟਰਲਾਕ ਟਾਈਲਾਂ ਲਗਾਉਣ ਦੇ ਨਾਲ-ਨਾਲ ਉੱਥੋਂ ਸਥਿਤ ਨਾਲੇ ਉੱਪਰ ਜਾਲ ਪਵਾਉਣ ਲਈ ਗੰਭੀਰਤਾ ਨਾਲ ਵਿਚਾਰ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸੰਗਰੂਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਉਹ ਵਚਨਬੱਧ ਹਨ ਅਤੇ ਸ਼ਹਿਰ ਦੇ ਕਈ ਹਿੱਸਿਆ ਵਿਚ ਸੁਪਰਸੰਕਸ਼ਨ ਮਸ਼ੀਨਾਂ ਨਾਲ ਸੀਵਰੇਜ ਲਾਇਨ ਦੀ ਸਫ਼ਾਈ ਕੰਮ ਜੰਗੀ ਪੱਧਰ ਉੱਤੇ ਚਾਲੂ ਹੈ |
ਠੀਕ ਸਮੇਂ ਉੱਤੇ ਸੀਵਰੇਜ ਲਾਈਨਾਂ ਅਤੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਥੋੜ੍ਹੀ ਜਿਹੀ ਬਰਸਾਤ ਨੇ ਸੰਗਰੂਰ ਦਾ ਜਨ ਜੀਵਨ ਕੀਤਾ ਬੇਹੱਦ ਪ੍ਰਭਾਵਿਤ <br/>
ਅਜੀਤ ਡੈਸਕ
18-06-2025