ਭਵਾਨੀਗੜ੍ਹ, 17 ਜੂਨ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਰਵੀਦਾਸ ਕਾਲੋਨੀ ਵਿਖੇ ਇਕ ਨੌਜਵਾਨ ਦੀ ਭੇਦ ਭਰੇ ਹਾਲਾਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਮਿ੍ਤਕ ਗੋਬਿੰਦ ਦਾਸ ਦੇ ਪਿਤਾ ਤਰਸੇਮ ਦਾਸ ਬਾਵਾ ਨੇ ਦੱਸਿਆ ਕਿ ਉਹ ਪਿੰਡ ਭੱਟੀਵਾਲ ਖ਼ੁਰਦ ਵਿਖੇ ਡੇਰੇ ਵਿਚ ਰਹਿੰਦੇ ਹਨ, ਡੇਰੇ ਵਿਚ ਸਮਾਗਮ ਹੋਣ ਕਾਰਨ ਉਸ ਦੀ ਪਤਨੀ ਵੀ ਉਸ ਨਾਲ ਡੇਰੇ ਵਿਚ ਹੀ ਰਹਿ ਰਹੀ ਸੀ | ਲੰਘੀ ਰਾਤ ਉਨ੍ਹਾਂ ਆਪਣੇ 22 ਸਾਲਾ ਪੁੱਤਰ ਨਾਲ ਗੱਲਬਾਤ ਕੀਤੀ, ਪਰ ਉਸ ਤੋਂ ਬਾਅਦ ਉਸ ਦਾ ਫ਼ੋਨ ਬੰਦ ਆਉਣ ਲੱਗਿਆ | ਉਸ ਨੇ ਦੱਸਿਆ ਕਿ ਸਵੇਰੇ ਵੀ ਫ਼ੋਨ ਜਦੋਂ ਨਾ ਮਿਲਿਆ ਤਾਂ ਉਸ ਦੀ ਪਤਨੀ ਨੇ ਉਸ ਦੇ ਇਕ ਦੋਸਤ ਨੂੰ ਉਸ ਨਾਲ ਗੱਲ ਕਰਾਉਣ ਲਈ ਕਿਹਾ | ਉਸ ਦੇ ਦੋਸਤ ਨੇ ਘਰੇ ਆ ਕੇ ਦੇਖਿਆ ਤਾਂ ਉਸ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ | ਉਸ ਨੇ ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਮੌਕੇ 'ਤੇ ਆ ਕੇ ਦੇਖਿਆ ਤਾਂ ਉਨ੍ਹਾਂ ਦਾ ਪੁੱਤਰ ਬੈੱਡ 'ਤੇ ਕੁਰਸੀ ਰੱਖ ਕੇ ਬੈਠਾ ਹੋਇਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ | ਕਮਰੇ ਵਿਚਲਾ ਸਮਾਨ ਵੀ ਖਿੰਡਿਆ ਪਿਆ ਸੀ, ਕਮਰੇ 'ਚ ਲੱਗਿਆ ਸ਼ੀਸ਼ਾ ਅਤੇ ਕਮਰੇ ਦਾ ਗੇਟ ਟੁੱਟਿਆ ਹੋਇਆ ਸੀ | ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਸਾਜ਼ਿਸ਼ ਅਧੀਨ ਮੌਤ ਦੇ ਘਾਟ ਉਤਾਰਿਆ ਗਿਆ ਹੈ | ਇਸ ਘਟਨਾ ਦਾ ਪਤਾ ਲੱਗਦਿਆਂ ਪੁਲਿਸ ਕਰਮਚਾਰੀਆਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |