24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਅਹਿਮਦਗੜ੍ਹ ਵਿਚ ਟਰੈਫ਼ਿਕ ਪੁਲਿਸ ਦੀ ਅਣਹੋਂਦ ਕਾਰਨ ਟਰੈਫ਼ਿਕ ਸਮੱਸਿਆ ਨਾਲ ਜੂਝ ਰਹੇ ਸ਼ਹਿਰ ਵਾਸੀ

ਅਜੀਤ ਡੈਸਕ 18-06-2025
ਅਹਿਮਦਗੜ੍ਹ, 17 ਜੂਨ (ਸੁਖਜੀਤ ਸਿੰਘ ਖੇੜਾ)-ਸਥਾਨਕ ਸ਼ਹਿਰ ਦੇ ਕਿਸੇ ਵੀ ਬਾਜ਼ਾਰ ਵਿਚੋਂ ਲੰਘਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਕਿਉਂਕਿ ਜਿੱਥੇ ਆਲ਼ੇ ਦੁਆਲੇ ਦੇ ਪਿੰਡਾਂ ਤੋਂ ਲੋਕ ਆਪਣੇ ਵਾਹਨਾਂ ਤੇ ਸ਼ਹਿਰ ਤੋਂ ਸਮਾਨ ਖ਼ਰੀਦਣ ਆਉਂਦੇ ਤੇ ਸੜਕਾਂ ਕਿਨਾਰੇ ਵਾਹਨ ਖੜ੍ਹਾ ਦਿੰਦੇ ਹਨ ਉਥੇ ਹੀ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਅੱਗੇ 10-10 ਫੁੱਟ ਤੱਕ ਨਜਾਇਜ਼ ਕਬਜ਼ੇ ਕਰ ਕੇ ਸਮਾਨ ਰੱਖ ਕੇ ਟਰੈਫ਼ਿਕ ਸਮੱਸਿਆ ਨੂੰ ਬੜਾਵਾ ਦੇ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਰਾਏਕੋਟ ਅੱਡਾ, ਚੌੜਾ ਬਾਜ਼ਾਰ, ਰੇਲਵੇ ਰੋਡ, ਬੈਂਕ ਰੋਡ ਆਦਿ ਤੋਂ ਅਗਰ ਕੋਈ ਐਮਰਜੈਂਸੀ ਮਰੀਜ਼ ਨੇ ਲੰਘਣਾ ਹੋਵੇ ਤਾਂ ਸ਼ਾਇਦ ਮਰੀਜ਼ ਹਸਪਤਾਲ ਤੱਕ ਪਹੁੰਚਦਾ ਪਹੁੰਚਦਾ ਹੀ ਰੱਬ ਨੂੰ ਪਿਆਰਾ ਹੋ ਜਾਵੇ | ਇਨ੍ਹਾਂ ਬਾਜ਼ਾਰਾਂ ਦੇ ਵਿਚ ਸਥਾਨਕ ਦੁਕਾਨਦਾਰਾਂ ਤੋਂ ਇਲਾਵਾ ਕਈ ਰੇਹੜਿਆਂ ਅਤੇ ਛੋਟੇ ਹਾਥੀਆਂ ਉੱਪਰ ਫਲ ਫਰੂਟ ਅਤੇ ਸਬਜ਼ੀਆਂ ਵੇਚਣ ਵਾਲੇ ਖ਼ਾਲੀ ਦੁਕਾਨਾਂ ਦੇ ਅੱਗੇ ਆਪਣੇ ਵਾਹਨ ਖੜ੍ਹਾ ਕੇ ਰੋਅਬ ਨਾਲ ਬਿਨਾਂ ਕਿਸੇ ਡਰ ਤੋਂ ਆਪਣਾ ਸਮਾਨ ਵੇਚਦੇ ਹਨ ਜਦ ਕਿ ਸਮਾਨ ਲੈਣ ਵਾਲਿਆਂ ਨੂੰ ਆਪਣਾ ਵਾਹਨ ਪਾਰਕ ਕਰਨ ਲਈ ਵੀ ਕੋਈ ਜਗ੍ਹਾ ਨਹੀਂ ਬਚਦੀ | ਜੇਕਰ ਕੋਈ ਗਾਹਕ ਵਾਹਨ ਸੜਕ ਉੱਪਰ ਖੜ੍ਹਾ ਕੇ ਸਮਾਨ ਖ਼ਰੀਦਣ ਲਈ ਆਪਣਾ ਵਾਹਨ ਰੋਕ ਲੈਂਦਾ ਹੈ ਤਾਂ ਦੂਰ ਦੂਰ ਤੱਕ ਟਰੈਫ਼ਿਕ ਜਾਮ ਹੋ ਜਾਂਦਾ ਹੈ | ਬੜੀ ਹੈਰਾਨੀ ਦੀ ਗੱਲ ਹੈ ਕਿ ਹਰ ਰੋਜ਼ ਹੀ ਇਹਨਾਂ ਬਾਜ਼ਾਰਾਂ ਵਿਚੋਂ ਦੀ ਇਹ ਸਭ ਕੁੱਝ ਸਥਾਨਕ ਪੁਲਿਸ ਦੇ ਅਧਿਕਾਰੀ ਵੀ ਅੱਖਾਂ ਬੰਦ ਕਰ ਕੇ ਲੰਘ ਜਾਂਦੇ ਹਨ ਅਤੇ ਕਈ ਵਾਰ ਉਨ੍ਹਾਂ ਦੀ ਆਪਣੀ ਗੱਡੀ ਵੀ ਜਾਮ ਵਿਚ ਫਸ ਜਾਂਦੀ ਹੈ ਪਰ ਫਿਰ ਵੀ ਇਸ ਸਮੱਸਿਆ ਬਾਰੇ ਸਥਾਨਕ ਪੁਲਿਸ ਵਲੋਂ ਆਪਣਾ ਬਣਦਾ ਰੋਲ ਅਦਾ ਨਹੀਂ ਕੀਤਾ ਜਾਂਦਾ | ਤਰਾਸਦੀ ਹੈ ਕਿ ਕਈ ਮਹੀਨਿਆਂ ਤੋਂ ਸ਼ਹਿਰ ਅੰਦਰ ਟਰੈਫ਼ਿਕ ਪੁਲਿਸ ਦੇ ਕਰਮਚਾਰੀ ਕਿਤੇ ਦਿਖਾਈ ਨਹੀਂ ਦਿੱਤੇ | ਕਈ ਰੇਹੜਿਆਂ ਅਤੇ ਛੋਟੇ ਹਾਥੀਆਂ ਤੇ ਸਮਾਨ ਵੇਚਣ ਵਾਲਿਆਂ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਕਿ ਤੁਸੀਂ ਨਜਾਇਜ਼ ਕਬਜ਼ਾ ਕਰ ਕੇ ਸਮਾਨ ਕਿਉਂ ਵੇਚ ਰਹੇ ਹੋ ਤਾਂ ਉਨ੍ਹਾਂ ਕਿਹਾ ਕਿ ਆਹ ਪਿਛਲੀ ਦੁਕਾਨ ਅਸੀਂ ਕਿਰਾਏ ਉੱਪਰ ਲਈ ਹੋਈ ਹੈ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇ ਦੁਕਾਨ ਕਰਾਏ ਪਰ ਹੈ ਤਾਂ ਤੁਸੀਂ ਸਮਾਨ ਦੁਕਾਨ ਵਿਚ ਰੱਖ ਕੇ ਕਿਉਂ ਨਹੀਂ ਵੇਚਦੇ ਤਾਂ ਉਨ੍ਹਾਂ ਆਪਣੀ ਗ਼ਲਤੀ ਮੰਨਣ ਦੀ ਬਜਾਏ ਇਹ ਕਿਹਾ ਕਿ ਬਾਜ਼ਾਰ ਵਿਚ ਸਾਰੇ ਹੀ ਦੁਕਾਨਦਾਰ ਅਤੇ ਸਾਰੇ ਹੀ ਵਾਹਨਾਂ ਤੇ ਸਮਾਨ ਵੇਚਣ ਵਾਲੇ ਇਸੇ ਤਰ੍ਹਾਂ ਹੀ ਸੜਕ ਉੱਪਰ ਆਪਣਾ ਵਾਹਨ ਖੜ੍ਹਾ ਕੇ ਹੀ ਸਮਾਨ ਵੇਚਦੇ ਹਨ |
ਕੀ ਕਹਿਣਾ ਹੈ ਕੌਂਸਲ ਪ੍ਰਧਾਨ ਦਾ?
ਇਸ ਸਬੰਧੀ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਵਿਕਾਸ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਨਗਰ ਕੌਂਸਲ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਗੇ ਅਤੇ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ |
ਕੀ ਕਹਿਣਾ ਹੈ ਨਗਰ ਕੌਸ਼ਲ ਦੇ ਕਾਰਜ ਸਾਧਕ ਅਫ਼ਸਰ ਦਾ?
ਇਸ ਸੰਬੰਧੀ ਕਾਰਜ ਸਾਧਕ ਅਫ਼ਸਰ ਵਿਕਾਸ ਉਪਲ ਨੇ ਕਿਹਾ ਕਿ ਉਹ ਇਸ ਸੰਬੰਧੀ ਜਲਦ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਮੱਸਿਆ ਦਾ ਹੱਲ ਕਰਨ ਦਾ ਯਤਨ ਕਰਨਗੇ |
ਕੀ ਕਹਿਣਾ ਹੈ ਥਾਣਾ ਮੁਖੀ ਦਾ?
ਜਦੋਂ ਟਰੈਕ ਸਮੱਸਿਆ ਸਬੰਧੀ ਥਾਣਾ ਮੁਖੀ ਸਬ ਇੰਸਪੈਕਟਰ ਮੈਡਮ ਕਮਲਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ ਹੀ ਟਰੈਫ਼ਿਕ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਰਹੇ ਹਨ ਅਤੇ ਜੋ ਵਾਹਨ ਗੈਰ ਕਾਨੂੰਨੀ ਸੜਕਾਂ ਤੇ ਖੜਦੇ ਹਨ ਉਨ੍ਹਾਂ ਤੇ ਵੀ ਜਲਦ ਹੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਨੌਜਵਾਨ ਦੀ ਭੇਦ ਭਰੇ ਹਾਲਾਤ ਵਿਚ ਮੌਤ, ਪਰਿਵਾਰ ਨੇ ਕਤਲ ਕਰਨ ਦੇ ਲਗਾਏ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।