ਮਲੇਰਕੋਟਲਾ, 17 ਜੂਨ (ਮੁਹੰਮਦ ਹਨੀਫ਼ ਥਿੰਦ) - ਜੱਜ ਅੰਕਿਤਾ ਲੂੰਬਾ ਮਲੇਰਕੋਟਲਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਭਰਾਵਾਂ ਸੰਜੀਵ ਕੁਮਾਰ ਵਰਮਾ ਅਤੇ ਰੋਹਿਤ ਵਰਮਾ (ਨਾਰੀਕੇ) ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਜਾਲ੍ਹਸਾਜ਼ੀ ਅਤੇ ਧੋਖਾਧੜੀ ਕਰਨ ਦੇ ਮਾਮਲੇ 'ਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਥਾਣਾ ਸੰਦੌੜ ਵਿਖੇ ਇੱਕ ਅÏਰਤ ਵਲੋਂ 12 ਦਸੰਬਰ 2019 ਨੂੰ ਦਰਜ ਕੇਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਜਦੋਂ ਉਸ ਦਾ ਪਤੀ ਬਾਹਰ ਵਿਦੇਸ਼ ਗਿਆ ਹੋਇਆ ਸੀ ਤਾਂ ਉਸਦੇ ਜੇਠ ਘੁੰਮਣ ਸਿੰਘ ਨੇ ਇਸ ਗੱਲ ਦਾ ਫ਼ਾਇਦਾ ਚੁੱਕਦੇ ਹੋਏ ਕਿ ਦਰਖ਼ਾਸਤ ਕਰਤੀ ਦਾ ਪਤੀ ਬਾਹਰ ਵਿਦੇਸ਼ ਗਿਆ ਹੋਇਆ ਹੈ, ਉਸ ਦੇ ਪਤੀ ਦੇ ਨਾਮ ਦਾ ਜਾਅਲੀ ਵਾ ਫ਼ਰਜ਼ੀ ਹਲਫ਼ੀਆ ਬਿਆਨ ਤਿਆਰ ਕਰਕੇ ਜਾਲ੍ਹਸਾਜ਼ੀ ਨਾਲ ਉਸ ਦੇ ਪਤੀ ਦੀ ਮੋਟਰ ਆਪਣੇ ਨਾਮ ਕਰਵਾ ਲਈ ਹੈ | ਉਸ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸੰਦੌੜ ਦੀ ਪੁਲਿਸ ਨੇ ਘੁੰਮਣ ਸਿੰਘ 'ਤੇ ਆਈ.ਪੀ.ਸੀ ਦੀ ਧਾਰਾ 420, 465, 467,468, 471 ਤਹਿਤ ਕੇਸ ਦਰਜ਼ ਕਰਕੇ ਉਸ ਦੇ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ | ਅੱਜ ਜੱਜ ਅੰਕਿਤਾ ਲੂੰਬਾ ਦੀ ਅਦਾਲਤ 'ਚ ਸੁਣਵਾਈ ਪੂਰੀ ਹੋਣ 'ਤੇ ਘੁੰਮਣ ਸਿੰਘ ਨੂੰ ਅਦਾਲਤ ਨੇ ਧੋਖਾਧੜੀ ਅਤੇ ਜਾਲ੍ਹਸਾਜ਼ੀ ਦੇ ਮਾਮਲੇ 'ਚੋਂ ਵਾ ਇੱਜ਼ਤ ਬਰੀ ਕਰਨ ਦੇ ਹੁਕਮ ਸੁਣਾਇਆ ਗਿਆ |