ਸੰਗਰੂਰ, 18 ਜੂਨ (ਅਮਨਦੀਪ ਸਿੰਘ ਬਿੱਟਾ) - ਸ੍ਰੀ ਦਿਲਪ੍ਰੀਤ ਸਿੰਘ, ਆਈ.ਪੀ.ਐਸ., ਕਪਤਾਨ ਪੁਲਿਸ (ਸਥਾਨਕ) ਨੇ ਦੱਸਿਆ ਕਿ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ੍ਰੀ ਐੱਸ. ਭੂਪਤੀ ਆਈ.ਪੀ.ਐਸ., ਆਈ.ਜੀ.ਪੀ., ਪ੍ਰੋਵਿਜਨਿੰਗ, ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਰਾਮਨਗਰ ਬਸਤੀ ਸੰਗਰੂਰ ਵਿਖੇ ਸਰਚ ਆਪ੍ਰੇਸ਼ਨ ਚਲਾਇਆ ਗਿਆ | ਜਿਸ ਦੌਰਾਨ ਕਥਿਤ ਨਸ਼ਾ ਤਸਕਰਾਂ ਦੇ ਘਰਾਂ, ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਨਸ਼ਾ ਵੇਚਣ ਵਾਲੇ 02 ਵਿਅਕਤੀਆਂ ਪਾਸੋਂ 15 ਗ੍ਰਾਮ ਹੈਰੋਇਨ ਅਤੇ 05 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਣ ਉਪਰੰਤ ਉਨ੍ਹਾਂ ਖ਼ਿਲਾਫ਼ 02 ਮੁਕੱਦਮੇ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਤੋਂ ਇਲਾਵਾ ਸਰਚ ਅਪਰੇਸ਼ਨ ਦੌਰਾਨ 02 ਵਾਹਨ ਇੰਪਾਊਾਡ ਅਤੇ 06 ਵਾਹਨਾਂ ਦੇ ਚਲਾਨ ਕੀਤੇ ਗਏ ਹਨ | ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਮਿਤੀ 01 ਮਾਰਚ 2025 ਤੋਂ ਹੁਣ ਤੱਕ ਐਨ.ਡੀ.ਪੀ.ਐੱਸ. ਐਕਟ ਅਧੀਨ 327 ਮੁਕੱਦਮੇ ਦਰਜ ਕਰ ਕੇ 573 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀਆਨ ਪਾਸੋਂ 6.490 ਕਿਲੋਗ੍ਰਾਮ ਹੈਰੋਇਨ, 3.707 ਕਿਲੋਗ੍ਰਾਮ ਅਫ਼ੀਮ, 1.413 ਕਿਲੋਗ੍ਰਾਮ ਸੁਲਫ਼ਾ, 2.695 ਕਿਲੋਗ੍ਰਾਮ ਗਾਂਜਾ, 444 ਗ੍ਰਾਂਮ ਚਰਸ, 956 ਕਿਲੋ 425 ਗ੍ਰਾਮ ਭੁੱਕੀ ਚੂਰਾ ਪੋਸਤ, 65.724 ਕਿਲੋਗ੍ਰਾਮ ਹਰੇ ਪੌਦੇ ਪੋਸਤ, 400 ਗ੍ਰਾਮ ਨਸ਼ੀਲਾ ਪਾਊਡਰ, 31954 ਨਸ਼ੀਲੀਆਂ ਗੋਲੀਆਂ, 79 ਨਸ਼ੀਲੀਆਂ ਸ਼ੀਸ਼ੀਆਂ ਅਤੇ 14,68,710/- ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ | ਇਸ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਹੁਣ ਤੱਕ ਨਸ਼ੇ ਦਾ ਸੇਵਨ ਕਰਨ ਵਾਲੇ 298 ਵਿਅਕਤੀਆਂ ਨੂੰ ਨਸ਼ਾ ਛੁਡਾਉਣ ਲਈ ਡੀ-ਅਡੀਕਸ਼ਨ ਸੈਂਟਰ ਵਿਚ ਦਾਖਲ/ਇਲਾਜ ਕਰਵਾਇਆ ਜਾ ਚੁੱਕਾ ਹੈ |