ਦਿੜ੍ਹਬਾ, 18 ਜੂਨ (ਹਰਬੰਸ ਸਿੰਘ ਛਾਜਲੀ) - ਬਰਸਾਤੀ ਸੀਜ਼ਨ ਤੋਂ ਪਹਿਲਾਂ-ਪਹਿਲਾਂ ਪਾਣੀ ਦੇ ਸਾਰੇ ਨਿਕਾਸੀ ਸਾਧਨਾਂ ਦੀ ਸਾਫ਼ ਸਫ਼ਾਈ ਦਾ ਕੰਮ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਸੰਭਾਵੀ ਹੜ੍ਹਾਂ ਦੀ ਸਥਿਤੀ ਤੋਂ ਬਚਿਆ ਜਾ ਸਕੇ | ਇਹ ਹਦਾਇਤਾਂ ਐਸ.ਡੀ.ਐਮ ਰਾਜੇਸ਼ ਸ਼ਰਮਾ ਨੇ ਆਪਣੇ ਦਫ਼ਤਰ ਵਿਖੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਸਬੰਧੀ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਲੋਕ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਦਿੱਤੀਆਂ | ਇਸ ਮੌਕੇ ਮਨਿੰਦਰ ਸਿੰਘ, ਪ੍ਰਧਾਨ ਨਗਰ ਪੰਚਾਇਤ ਵੀ ਹਾਜ਼ਰ ਸਨ | ਐਸ.ਡੀ.ਐਮ. ਨੇ ਕਿਹਾ ਕਿ ਅਕਸਰ ਪਾਣੀ ਦੇ ਨਿਕਾਸੀ ਸਾਧਨਾਂ 'ਚ ਉੱਗੀ ਘਾਹ-ਬੂਟੀ ਕਾਰਨ ਪਾਣੀ ਦੇ ਵਹਾਅ ਵਿਚ ਦਿੱਕਤ ਆਉਂਦੀ ਹੈ | ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਸੰਭਾਵੀ ਹੜ੍ਹਾਂ ਬਾਬਤ ਲੋਕਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹੋਏ ਲੋੜ ਅਨੁਸਾਰ ਸਾਰੇ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਏ | ਉਨ੍ਹਾਂ ਕਿਹਾ ਕਿ ਪ੍ਰਬੰਧਾਂ ਪੱਖੋਂ ਕਿਸੇ ਕਿਸਮ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ | ਇਸ ਮੌਕੇ ਚੰਦਰ ਪ੍ਰਕਾਸ਼ ਕਾਰਜ ਸਾਧਕ ਅਫ਼ਸਰ, ਪਰਦੀਪ ਸ਼ਾਰਦਾ ਬੀ.ਡੀ.ਪੀ.ਓ, ਗੁਰਪ੍ਰੀਤ ਸਿੰਘ ਐਸ.ਡੀ.ਓ. ਸੀਵਰੇਜ ਬੋਰਡ, ਚੇਤਨ ਗੁਪਤਾ ਐਸ.ਡੀ.ਓ. ਡਰੇਨੇਜ, ਏਕਮਜੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਦਿੜ੍ਹਬਾ, ਨਰਿੰਦਰਪਾਲ ਸਿੰਘ, ਸਕੱਤਰ ਮਾਰਕੀਟ ਕਮੇਟੀ ਸੂਲਰ ਘਰਾਟ ਆਦਿ ਵੀ ਮੌਜੂਦ ਸਨ |