ਬਰਨਾਲਾ, 18 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਹੜਤਾਲ 9ਵੇਂ ਦਿਨ ਵੀ ਜਾਰੀ ਹੈ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਅਤੇ ਜਨਰਲ ਸਕੱਤਰ ਅਮਰੀਕ ਜਲੂਰ ਨੇ ਦੱਸਿਆ ਕਿ 10 ਜੂਨ ਤੋਂ ਸੂਬਾ ਪੱਧਰੀ ਹੜਤਾਲ ਅਣਮਿਥੇ ਸਮੇਂ ਲਈ ਲਗਾਤਾਰ ਜਾਰੀ ਹੈ ਪਰ ਸਰਕਾਰ ਅਜੇ ਤੱਕ ਕੁੰਭਕਰਨੀ ਨੀਂਦ ਸੁੱਤੀ ਪਈ ਹੈ | ਆਊਟਸੋਰਸ ਵਰਕਰਾਂ ਨੂੰ ਮਿਨੀਮਮ ਵੇਜ 10 ਤੋਂ 12 ਹਜ਼ਾਰ ਰੁਪਏ ਮਿਲਦਾ ਹੈ ਜਿਹੜਾ ਕਿ ਠੇਕੇਦਾਰ ਵਲੋਂ ਸਮੇਂ ਸਿਰ ਨਹੀਂ ਦਿੱਤਾ ਜਾਂਦਾ | ਨਾ ਹੀ ਵਰਕਰਾਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ਦੇ ਕੱਚੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਬਿਨਾਂ ਸ਼ਰਤ ਮਹਿਕਮੇ ਵਿਚ ਮਰਜ਼ ਕਰ ਕੇ ਰੈਗੂਲਰ ਕੀਤਾ ਜਾਵੇ | ਘੱਟੋ-ਘੱਟ ਤਨਖ਼ਾਹ 35000 ਤੋਂ 40000 ਰੁਪਏ ਕੀਤੀ ਜਾਵੇ | ਜਿਹੜੇ ਮੁਲਾਜ਼ਮਾਂ ਦੀ ਉਮਰ ਰਿਟਾਇਰਮੈਂਟ ਦੇ ਨੇੜੇ ਹੈ ਉਮਰ 65 ਸਾਲ ਕੀਤੀ ਜਾਵੇ | ਉਨ੍ਹਾਂ ਇਸ ਸੰਘਰਸ਼ ਨੂੰ ਅੱਗੇ ਵਧਾਉਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਸਰਕਾਰ ਨੇ ਅਜੇ ਵੀ ਰਹਿੰਦੇ ਸਮੇਂ ਦੌਰਾਨ ਧਿਆਨ ਨਾ ਦਿੱਤਾ ਤਾਂ 21 ਜੂਨ ਤੋਂ ਪੰਜਾਬ ਭਰ ਵਿਚ ਸੀਵਰੇਜ ਦੀਆਂ ਮੋਟਰਾਂ ਬੰਦ ਕੀਤੀਆਂ ਜਾਣਗੀਆਂ | ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਬਲਦੇਵ ਸਿੰਘ ਮੰਡੇਰ ਸੂਬਾ ਮੀਤ ਪ੍ਰਧਾਨ, ਮਿਲਖਾ ਸਿੰਘ ਸੂਬਾ ਸਹਾਇਕ ਸਕੱਤਰ ਵਿਨੋਦ ਕੁਮਾਰ ਸੂਬਾ ਆਗੂ, ਕਰਮਜੀਤ ਭਦੌੜ ਸੂਬਾ ਆਗੂ, ਸੁਖਵਿੰਦਰ ਸਿੰਘ ਹੰਡਿਆਇਆ ਸੂਬਾ, ਗੁਰਪ੍ਰੀਤ ਸਿੰਘ ਧਨੌਲਾ ਸੂਬਾ ਆਗੂ, ਬਲਜਿੰਦਰ ਸਿੰਘ ਦੀਵਾਨਾ ਪ੍ਰੈੱਸ ਸਕੱਤਰ, ਮਨਜੀਤ ਮਹਿਤਾ, ਰਮੇਸ਼ ਕੁਮਾਰ, ਮੋਹਨ ਰਾਮ, ਮੁਕੇਸ਼ ਕੁਮਾਰ, ਯਾਦਵਿੰਦਰ, ਨਰਿੰਦਰ ਠੀਕਰੀਵਾਲਾ ਆਦਿ ਹਾਜ਼ਰ ਸਨ | ਇਸ ਮੌਕੇ ਧਰਨੇ ਵਿਚ ਬਰਨਾਲਾ ਸ਼ਹਿਰ ਦੇ ਕੌਂਸਲਰ ਧਰਮ ਸਿੰਘ ਫ਼ੌਜੀ, ਤੇਜਿੰਦਰ ਸਿੰਘ ਸੋਨੀ ਜਾਗਲ, ਖੁਸ਼ੀ ਮੁਹੰਮਦ, ਭੁਪਿੰਦਰ ਸਿੰਘ ਭਿੰਦੀ, ਅਜੈ ਕੁਮਾਰ, ਗੁਰਪ੍ਰੀਤ ਸਿੰਘ ਕਾਕਾ ਡੈਂਟਰ, ਜਗਰਾਜ ਸਿੰਘ ਪੰਡੋਰੀ ਆਦਿ ਨੇ ਪਹੁੰਚ ਕੇ ਪੂਰਨ ਤੌਰ 'ਤੇ ਹਮਾਇਤ ਦਾ ਐਲਾਨ ਕੀਤਾ |