ਛਾਜਲੀ, 19 ਜੂਨ (ਅਜਾਇਬ ਸਿੰਘ ਨੀਲੋਵਾਲ)-ਨੇੜਲੇ ਪਿੰਡ ਖਡਿਆਲ ਵਿਖੇ ਨਹਿਰ 'ਚ ਪਾੜ ਪੈਣ ਨਾਲ ਸੈਂਕੜੇ ਏਕੜ ਝੋਨੇ ਅਤੇ ਮੱਕੀ ਦੀ ਫ਼ਸਲ ਪਾਣੀ ਵਿਚ ਡੁੱਬ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਸੂਲਰ ਘਰਾਟ ਤੋਂ ਨੀਲੋਵਾਲ ਵੱਲ ਜਾਂਦੀ ਨਹਿਰ 'ਚ ਪੰਜਾਹ ਫੁੱਟ ਚੌੜਾ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਮੱਕੀ ਅਤੇ ਝੋਨੇ ਦੀ ਫ਼ਸਲ ਡੁੱਬ ਗਈ ਅਤੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਝੋਨੇ ਦੀ ਫ਼ਸਲ ਦੀ ਅੱਸੀ ਫ਼ੀਸਦੀ ਤੋਂ ਜ਼ਿਆਦਾ ਬਿਜਾਈ ਦਾ ਕੰਮ ਨਿੱਬੜ ਚੁੱਕਾ ਹੈ | ਨਹਿਰ ਟੁੱਟਣ ਕਾਰਨ ਜ਼ਮੀਨਾਂ ਵਿਚ ਪਾਣੀ ਹੜ੍ਹਾਂ ਦਾ ਰੂਪ ਧਾਰਨ ਕਰ ਗਿਆ, ਇਕੱਤਰ ਹੋਏ ਕਿਸਾਨ ਜਗਦੀਪ ਸਿੰਘ, ਸੰਦੀਪ ਸਿੰਘ, ਸਤਿਗੁਰ ਨੇ ਜਾਣਕਾਰੀ ਦੱਸਿਆ ਕਿ ਅੱਜ ਸਵੇਰੇ ਪਿੰਡ ਖਡਿਆਲ ਵਿਖੇ ਇਹ ਨਹਿਰ ਟੁੱਟ ਗਈ ਹੈ, ਪਾਣੀ ਦਾ ਵਹਾਅ ਬਹੁਤ ਤੇਜ਼ ਸੀ, ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਵਿਚੋਂ ਹੁੰਦਾ ਹੋਇਆ ਪਿੰਡ ਵਾਸੀਆਂ ਦੇ ਵਸਿੰਦੇ ਘਰਾਂ ਤੱਕ ਮਾਰ ਕਰ ਗਿਆ, ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਨਹਿਰ ਟੁੱਟਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਖਡਿਆਲ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਦਾ ਇੰਤਜ਼ਾਮ ਕੀਤਾ, ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੰਬੰਧਿਤ ਮਹਿਕਮੇ ਵਲੋਂ ਇੱਕ ਹਫ਼ਤੇ ਤੋਂ ਇਸ ਨਹਿਰ ਵਿਚ ਪਾਣੀ ਬੇਅਥਾਹ ਛੱਡਿਆ ਹੋਇਆ ਸੀ, ਪਿੰਡ ਵਾਸੀਆਂ ਨੇ ਨਹਿਰੀ ਮਹਿਕਮੇ ਨੂੰ ਨਹਿਰ ਵਿਚ ਵੱਧ ਪਾਣੀ ਦੀ ਵੀਡੀਓ ਭੇਜ ਕੇ ਨਹਿਰ ਵਿਚ ਪਾਣੀ ਘੱਟ ਕਰਨ ਦੀ ਬੇਨਤੀ ਕੀਤੀ ਗਈ ਸੀ, ਪਰ ਵਿਭਾਗ ਵਲੋਂ ਅਗਲੇ ਖੇਤਰ ਵਿਖੇ ਪਾਣੀ ਦੀ ਜ਼ਿਆਦਾ ਜ਼ਰੂਰਤ ਕਰ ਕੇ ਨਹਿਰ ਵਿਚੋਂ ਪਾਣੀ ਘੱਟ ਨਹੀਂ ਕੀਤਾ ਗਿਆ, ਉਨ੍ਹਾਂ ਦੱਸਿਆ ਕਿ ਇਸ ਨਹਿਰ ਦੀ ਸਾਫ਼ ਸਫ਼ਾਈ ਦਾ ਕੰਮ ਵੀ ਬਿਲਕੁਲ ਨਹੀਂ ਹੋਇਆ, ਜਿਸ ਕਰ ਕੇ ਨਹਿਰੀ ਮਹਿਕਮੇ ਦੀ ਲਾਪਰਵਾਹੀ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੇ ਨਾਲ ਨਾਲ ਕਿਸਾਨ ਸਾਉਣੀ ਦੀ ਫ਼ਸਲ ਤੋਂ ਵਾਂਝੇ ਰਹਿਣ ਦੀ ਉਮੀਦ ਜਿਤਾਈ ਜਾ ਰਹੀ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨਹਿਰੀ ਮਹਿਕਮੇ ਦੀ ਲਾਪਰਵਾਹੀ ਦੇ ਕਾਰਨ ਇਹ ਨਹਿਰ ਟੁੱਟੀ ਹੈ, ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਇਹ ਨਹਿਰ 50 ਫੁੱਟ ਅੱਗੇ ਜਗਾਹ ਤੋਂ ਹੀ ਟੁੱਟੀ ਸੀ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਸੀ, ਪਰ ਨਹਿਰੀ ਮਹਿਕਮੇ ਦੇ ਕੰਨ ਤੇ ਜੂੰ ਨਹੀਂ ਸਰਕੀ ਸੀ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਪਿਛਲੇ ਸਾਲ ਵੀ ਸਬੰਧਤ ਜੇਈ ਤੇ ਐੱਸ.ਡੀ.ਓ ਨੂੰ ਨਹਿਰ ਦੀ ਸਫ਼ਾਈ ਬਾਰੇ ਕਿਹਾ ਗਿਆ ਸੀ, ਪਰ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਲਾਰਾ ਲਾ ਕੇ ਕਿਹਾ ਕਿ ਇਹ ਨਵੀਂ ਬਣੂਗੀ ਕਹਿਕੇ ਬੁੱਤਾ ਬਾਚ ਦਿੱਤਾ, ਨਹਿਰ ਟੁੱਟਣ ਦੇ ਕਾਰਨ ਨਹਿਰ ਦਾ ਪਾਣੀ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਦੀ ਹੁੰਦਾ ਹੋਇਆ ਬਸਿੰਦੇ ਘਰਾਂ ਵੱਲ ਜਾਣ ਦਾ ਆਸਾਰ ਪੈਦਾ ਹੋ ਗਿਆ ਹੈ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦਾ ਵਹਾਅ ਇਨ੍ਹਾਂ ਤੇਜ਼ ਹੈ ਕਿ ਪਿੰਡ ਨੂੰ ਵੀ ਇਸ ਦਾ ਖ਼ਤਰਾ ਹੈ, ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਸਾਡਾ ਅਚਾਰ ਵਾਲੀ ਮੱਕੀ ਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਹੋਇਆ ਹੈ, ਜੋ ਕਿ ਅਸੀਂ ਠੇਕੇ 'ਤੇ ਜ਼ਮੀਨ ਲੈ ਕੇ ਆਪਣੇ ਪਸ਼ੂਆਂ ਲਈ ਅਚਾਰ ਪਾਉਣ ਲਈ ਬੀਜੀ ਗਈ ਸੀ, ਕਿਸਾਨਾਂ ਦੱਸਿਆ ਕਿ ਹੁਣ ਝੋਨੇ ਦੀ ਫ਼ਸਲ ਦੀ ਲਵਾਈ ਲਈ ਪਨੀਰੀ ਦਾ ਇੰਤਜ਼ਾਮ ਮੁਸ਼ਕਿਲ ਹੋ ਜਾਵੇਗਾ, ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਛਾਜਲੀ ਦੇ ਐੱਸ.ਐੱਚ.ਓ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੇ, ਥਾਣਾ ਛਾਜਲੀ ਦੇ ਮੁਖੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਡਰੇਨ ਦੇ ਜੇ.ਈ ਅਤੇ ਐੱਸ.ਡੀ.ਓ ਨਾਲ ਗੱਲਬਾਤ ਹੋ ਗਈ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਮਿੱਟੀ ਦਾ ਅਤੇ ਜੇ.ਸੀ ਬੀ ਦਾ ਇੰਤਜ਼ਾਮ ਕਰ ਲਿਆ ਹੈ, ਅਤੇ ਨਹਿਰ ਵਿਚ ਪਿੱਛੋਂ ਪਾਣੀ ਨੂੰ ਬੰਦ ਕਰਨ ਦਾ ਵੀ ਹੁਕਮ ਜਾਰੀ ਕਰ ਦਿੱਤੇ ਹਨ | ਉਹ ਕੁਝ ਹੀ ਸਮੇਂ ਦੇ ਵਿਚ ਇੱਥੇ ਪਹੁੰਚਣ ਵਾਲੇ ਹਨ, ਜੋ ਕਿ ਸਥਿਤੀ ਨੂੰ ਕਾਬੂ ਵਿਚ ਲਿਆਂਦਾ ਜਾਵੇਗਾ | ਪਿੰਡ ਵਾਸੀਆਂ ਵਲੋਂ ਨਹਿਰ ਦੇ ਪਾੜ ਨੂੰ ਪੂਰਨ ਲਈ ਨਰੇਗਾ ਮਜ਼ਦੂਰਾਂ ਅਤੇ ਮਿੱਟੀ ਦੀਆਂ ਟਰਾਲੀਆਂ ਦਾ ਇੰਤਜ਼ਾਮ ਕੀਤਾ ਗਿਆ |
ਨਹਿਰ ਵਿਚ ਪਿਆ ਵੱਡਾ ਪਾੜ, ਸੈਂਕੜੇ ਏਕੜ ਮੱਕੀ ਅਤੇ ਝੋਨਾ ਨਸ਼ਟ
ਅਜੀਤ ਡੈਸਕ
20-06-2025