ਅਪਾਹਜ ਹੋਣ ਦੇ ਬਾਵਜੂਦ ਵੀ ਖੇਡਾਂ ਵਿਚ ਮਾਰੀਆਂ ਮੱਲਾਂ •ਪੰਜਾਬ ਸਰਕਾਰ ਕੋਲ ਪੱਕੇ ਰੁਜ਼ਗਾਰ ਦੀ ਲਗਾ ਰਿਹਾ ਗੁਹਾਰ
ਸੰਗਰੂਰ, 19 ਜੂਨ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦਾ ਨੌਜਵਾਨ ਅਪਾਹਜ ਹੋਣ ਦੇ ਬਾਵਜੂਦ ਵੀ ਖੇਡਾਂ ਵਿਚ ਨਿਰੰਤਰ ਮੱਲ੍ਹਾਂ ਤਾਂ ਭਾਵੇਂ ਮਾਰ ਰਿਹਾ ਹੈ ਪਰ ਪੰਜਾਬ ਸਰਕਾਰ ਵਲੋਂ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਨਿਰਾਸ਼ ਵੀ ਨਜ਼ਰ ਆ ਰਿਹਾ ਹੈ | ਲਵਪ੍ਰੀਤ ਸਿੰਘ (ਉਮਰ 26 ਸਾਲ) ਵਾਸੀ ਹਰੀਪੁਰਾ ਬਸਤੀ ਬਚਪਨ ਤੋਂ ਅਪਾਹਿਜ ਨਹੀ ਸੀ ਬਲਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਚ ਠੇਕੇਦਾਰੀ ਸਿਸਟਮ ਰਾਹੀ ਕੰਮ ਕਰਦਿਆਂ 10 ਨਵੰਬਰ 2019 ਨੂੰ ਉਸ ਨਾਲ ਵਾਪਰੇ ਇੱਕ ਹਾਦਸੇ ਦੌਰਾਨ ਜਿੱਥੇ ਉਸ ਦੀ ਇੱਕ ਲੱਤ ਕੱਟੀ ਗਈ ਉੱਥੋਂ ਦੂਜੀ ਲੱਤ ਵੀ ਅਪ੍ਰੇਸ਼ਨ ਕਾਰਨ ਖ਼ਰਾਬ ਹੈ | ਆਪਣੀ ਪੂਰੀ ਹੱਡ-ਬੀਤੀ ਬਿਆਨ ਕਰਦਿਆਂ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬਤੌਰ ਹੈਲਪਰ ਦਾ ਕੰਮ ਕਰਦਾ ਸੀ | 10 ਨਵੰਬਰ 2019 ਨੂੰ ਦੁਪਹਿਰ ਸਮੇਂ ਉਸ ਦੀ ਡਿਊਟੀ ਆਪਣੇ ਇੱਕ ਹੋਰ ਸਾਥੀ ਨਾਲ ਸੁਨਾਮ ਰੋਡ ਉੱਤੇ 'ਜੀਓ ਸੁੱਚ' ਦਾ ਫਾਲਟ ਦੂਰ ਕਰਨ ਲਈ ਲੱਗੀ ਹੋਈ ਸੀ | ਲਵਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਨਾਲ ਡਿਊਟੀ ਉੱਤੇ ਲਾਈਨਮੈਨ ਵੀ ਸੀ | ਜਦਕਿ ਇੱਕ ਜੇ.ਈ ਟੀਮ ਦਾ ਇੰਚਾਰਜ ਸੀ | ਜੇ.ਈ ਨੇ ਪੀੜਤ ਨੂੰ ਕਿਹਾ ਕਿ ਉਹ ਖੰਭੇ ਉੱਤੇ ਚੜ ਕੇ ਫਾਲਟ ਦੂਰ ਕਰੇ ਅਤੇ ਉਸ ਨੇ ਪਿੱਛੋਂ ਸਪਲਾਈ ਬੰਦ ਕਰਵਾ ਦਿੱਤੀ ਹੈ ਤੁਹਾਨੰੂ ਘਬਰਾਉਣ ਦੀ ਲੋੜ ਨਹੀ ਹੈ ਲਵਪ੍ਰੀਤ ਸਿੰਘ ਜਦ ਖੰਭੇ ਉੱਤੇ ਚੜਿ੍ਹਆ ਤਾਂ ਉਸ ਨੂੰ 11000 ਵੋਲਟ ਦਾ ਕਰੰਟ ਲੱਗਿਆ ਤੇ ਉਹ ਹੇਠਾਂ ਡਿਗ ਪਿਆ | ਉਸ ਦਾ ਪੇਟ ਕਾਫ਼ੀ ਜਲ ਗਿਆ, ਸੱਜੀ ਲੱਤ ਵੀ ਟੁੱਟੇ ਗਈ ਅਤੇ ਉਹ ਬੇਹੋਸ਼ ਹੋ ਗਿਆ | ਸਿਵਲ ਹਸਪਤਾਲ ਸੰਗਰੂਰ ਤੋਂ ਲਵਪ੍ਰੀਤ ਸਿੰਘ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਪਰ ਉਸ ਨੂੰ ਸਰਕਾਰੀ ਹਸਪਤਾਲ ਰਜਿੰਦਰਾ ਲਿਜਾਣਾ ਦੀ ਬਜਾਇ ਅਮਰ ਹਸਪਤਾਲ ਪਟਿਆਲਾ ਲਿਜਾਇਆ ਗਿਆ ਜਿੱਥੇ ਇਲਾਜ ਉੱਤੇ ਉਸ ਦਾ ਬਹੁਤ ਖ਼ਰਚ ਆਇਆ | ਪੀੜਤ ਅਨੁਸਾਰ ਉਸ ਨੂੰ ਜੇ.ਈ ਹੀ ਨਿੱਜੀ ਹਸਪਤਾਲ ਪਟਿਆਲਾ ਲੈ ਕੇ ਗਿਆ ਅਤੇ ਉਸ ਦੇ ਬਿਆਨਾ ਉੱਤੇ ਜੇ.ਈ ਖ਼ਿਲਾਫ਼ 15 ਨਵੰਬਰ 2019 ਨੂੰ ਥਾਣਾ ਸਿਟੀ-1 ਸੰਗਰੂਰ ਵਿਚ ਮੁਕੱਦਮਾ ਵੀ ਦਰਜ ਹੋ ਗਿਆ ਸੀ | ਅਮਰ ਹਸਪਤਾਲ ਵਿਚ ਲਵਪ੍ਰੀਤ ਸਿੰਘ ਦਾ ਇਲਾਜ ਸ਼ੁਰੂ ਹੋਇਆ ਅਤੇ ਟੁੱਟੀ ਲੱਤ ਦਾ ਅਪ੍ਰੇਸ਼ਨ ਵੀ ਹੋਇਆ | ਕੋਈ ਜ਼ਿਆਦਾ ਸੁਧਾਰ ਨਾ ਹੋਣ ਉੱਤੇ ਉਸ ਨੂੰ 17 ਨਵੰਬਰ 2019 ਪੀ.ਜੀ.ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ | ਪੀ.ਜੀ.ਆਈ ਚੰਡੀਗੜ੍ਹ ਦੀ ਆਈ.ਸੀ.ਯੂ ਵਿਚ ਉਸ ਦੀ ਖੱਬੀ ਲੱਤ ਕੱਟਣੀ ਪਈ ਅਤੇ ਪਲਾਸਟਿਕ ਸਰਜਰੀ ਵੀ ਕੀਤੀ ਗਈ | ਇੱਕ ਲੱਤ ਕੱਟੀ ਗਈ ਅਤੇ ਦੂਜੀ ਲੱਤ ਅਪ੍ਰੇਸ਼ਨ ਕਾਰਨ ਖ਼ਰਾਬ ਹੋਣ ਤੇ ਬਾਵਜੂਦ ਵੀ ਲਵਪ੍ਰੀਤ ਸਿੰਘ ਨੇ ਹੌਸਲਾ ਨਹੀ ਹਾਰਿਆ ਅਤੇ ਉਸ ਨੇ ਗਵਾਲੀਅਰ ਵਹੀਅਲ ਚੇਅਰ ਕਿ੍ਕਟ ਵਿਚ ਨੈਸ਼ਨਲ ਖੇਡਿਆ, ਖੇਡ ਵਤਨ ਪੰਜਾਬ ਦੀਆ ਪੰਜਾਬ ਹੈਂਡੀਕੈਪਡ ਬੈਡਮਿੰਟਨ ਵਿਚ ਸਿਲਵਰ ਅਤੇ ਹੁਣ ਚੰਡੀਗੜ੍ਹ ਟੀਮ ਵਲੋਂ ਖੇਡਦਿਆਂ ਹੈਂਡੀਕੈਪਡ ਵਿਚ ਫਿਰ ਗਵਾਲੀਅਰ ਜਾ ਕੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ | ਭੁਪਾਲ ਵਿਚ ਆਰਮ ਰੈਸਲਿੰਗ ਜਿਸ ਨੂੰ ਪੰਜਾ ਲੜਾਉਣ ਦੀ ਖੇਡ ਵੀ ਕਿਹਾ ਜਾਂਦਾ ਹੈ ਵਿਚ ਲਵਪ੍ਰੀਤ ਸਿੰਘ ਨੇ ਸੋਨ ਤਗਮਾ ਜਿੱਤਿਆ | ਲਵਪ੍ਰੀਤ ਸਿੰਘ ਆਪਣੀ ਸਾਰੀ ਦਾਸਤਾਨ ਵੱਖ-ਵੱਖ ਸਮੇਂ ਰਾਜਨੀਤਕ ਆਗੂਆਂ ਕੋਲ ਰੱਖਦਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਜਦ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸਨ ਤਾਂ ਉਹ ਉਨ੍ਹਾਂ ਨੂੰ ਮਿਲਿਆ | ਉਸ ਉਪਰੰਤ ਵੀ ਉਨ੍ਹਾਂ ਨੂੰ ਮੁੜ ਮਿਲਿਆ ਪਰ ਉਸ ਦੀ ਕੋਈ ਸੁਣਵਾਈ ਨਹੀ ਹੋਈ | ਲਵਪ੍ਰੀਤ ਸਿੰਘ ਦੀ ਮੰਗ ਹੈ ਕਿ ਯੋਗਤਾ ਅਨੁਸਾਰ ਉਸ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ ਕਿਉਂਕਿ ਮੈਡੀਕਲ ਅਥਾਰਿਟੀ ਵੀ ਉਸ ਨੰੂ 90 ਫ਼ੀਸਦੀ ਨਕਾਰਾ ਕਰਾਰ ਦੇ ਚੁੱਕੀ ਹੈ | ਉਸ ਨੇ ਫ਼ਰਿਆਦ ਕਰਦਿਆਂ ਕਿਹਾ ਕਿ ਉਸ ਦਾ ਇਲਾਜ ਦੌਰਾਨ ਕਾਫ਼ੀ ਖ਼ਰਚ ਹੋ ਗਿਆ ਹੈ ਅਤੇ ਪੀ.ਜੀ.ਆਈ ਤੋ ਇਲਾਜ ਦੌਰਾਨ ਅਜੇ ਵੀ ਖ਼ਰਚ ਹੋ ਰਿਹਾ ਹੈ | ਇਸ ਲਈ ਸਰਕਾਰ ਉਸ ਦੀ ਨੌਕਰੀ ਦਾ ਕੋਈ ਵਸੀਲਾ ਕਰ ਤਾਂ ਜੋ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ |
ਬਿਜਲੀ ਵਿਭਾਗ ਵਿਚ ਠੇਕੇਦਾਰੀ ਸਿਸਟਮ ਉੱਤੇ ਕੰਮ ਕਰਦਿਆਂ ਲਵਪ੍ਰੀਤ ਸਿੰਘ ਹੋਇਆ ਅਪਾਹਜ
ਅਜੀਤ ਡੈਸਕ
20-06-2025