ਮਲੇਰਕੋਟਲਾ, 19 ਜੂਨ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਜੰਗਲ ਹੇਠਲਾ ਰਕਬਾ ਵਧਾਉਣ ਦੇ ਲਈ ਪੰਚਾਇਤੀ ਜ਼ਮੀਨਾਂ ਵਿਚ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲਈ ਸਬੰਧਿਤ ਵਿਭਾਗ 'ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਹਦਾਇਤਾਂ ਕੀਤੀਆਂ ਜਾਣ ਤਾਂ ਕਿ ਉਹ ਬੂਟੇ ਅੱਗੇ ਜਾ ਕੇ ਦਰਖਤਾਂ ਦੇ ਰੂਪ ਵਿਚ ਮਨੁੱਖ ਦਾ ਸਹਾਰਾ ਬਣ ਸਕਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਉਪ ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਡਾ. ਪਰਮਜੀਤ ਸਿੰਘ ਗੁਆਰਾ ਉਪ ਚੇਅਰਮੈਨ ਡੀ.ਸੀ.ਯੂ. ਸੰਗਰੂਰ ਤੋਂ ਇਲਾਵਾ ਮਿਲਕ ਪਲਾਂਟ ਸੰਗਰੂਰ ਦੇ ਡਾਇਰੈਕਟਰ ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਪ੍ਰਧਾਨ ਜਰਨੈਲ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੰਗਲ ਦਾ ਘਟਣਾ ਮਨੁੱਖੀ ਸਿਹਤ ਤੇ ਵਾਤਾਵਰਨ ਲਈ ਬੇਹੱਦ ਖ਼ਤਰਨਾਕ ਹੈ | ਆਗੂਆਂ ਨੇ ਆਖਿਆ ਕਿ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਅੰਦਰ ਘੱਟ ਰਿਹਾ ਜੰਗਲ ਜਿੱਥੇ ਸਾਡੇ ਲਈ ਖ਼ਤਰੇ ਦੀ ਘੰਟੀ ਹੈ ਉੱਥੇ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਬੁਰੀ ਤਰ੍ਹਾਂ ਨੁਕਸਾਨਦੇਹ ਸਾਬਤ ਹੋਵੇਗਾ | ਕਿਉਂਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਖ਼ਤਰਨਾਕ ਹੱਦ ਤੱਕ ਹੇਠਾਂ ਜਾ ਚੁੱਕਿਆ ਹੈ | ਇਸ ਲਈ ਹੁਣ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ | ਸੀ.ਐੱਮ.ਐੱਸ. ਆਗੂਆਂ ਨੇ ਕਿਹਾ ਕਿ ਜਿਹੜੇ ਪਿੰਡਾਂ ਅੰਦਰ ਸੈਂਕੜੇ ਵਿੱਘੇ ਉਪਜਾਊ ਜ਼ਮੀਨ ਹੈ ਉੱਥੇ ਫ਼ੀਸਦੀ ਦੇ ਹਿਸਾਬ ਨਾਲ ਕਰੀਬ ਘੱਟ ਤੋਂ ਘੱਟ 2 ਏਕੜ ਜੰਗਲ ਲਗਾ ਕੇ ਵਾਤਾਵਰਨ ਨੂੰ ਮੁੜ ਤੋਂ ਹਰਿਆ-ਭਰਿਆ ਬਣਾ ਕੇ ਤਪਸ਼ ਨੂੰ ਘਟਾਇਆ ਜਾ ਸਕਦਾ ਹੈ | ਇਸ ਦਾ ਫ਼ਾਇਦਾ ਪੀੜੀਆਂ ਤੱਕ ਹੋਵੇਗਾ | ਭਾਵੇਂ ਕਿ ਪਿਛਲੇ ਸਮੇਂ ਸਰਕਾਰ ਵੱਲੋਂ ਪੰਚਾਇਤੀ ਜਗਾਵਾਂ ਵਿਚ ਬੂਟੇ ਲਗਾਉਣ ਦਾ ਕੰਮ ਸ਼ੁਰੂ ਵੀ ਕੀਤਾ ਗਿਆ ਸੀ ਪਰ ਇਸ ਨੂੰ ਵੱਡੇ ਪੱਧਰ 'ਤੇ ਵਿਉਂਤਬੰਦੀ ਨਾਲ ਲਾਗੂ ਕੀਤਾ ਜਾਵੇ | ਸੂਬਾ ਸਰਕਾਰ ਨੂੰ ਇਸ 'ਤੇ ਤੁਰੰਤ ਵਿਚਾਰ ਕਰਨ ਦੀ ਲੋੜ ਹੈ |