ਮਲੇਰਕੋਟਲਾ, 20 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਸਰਕਾਰੀ ਦਫ਼ਤਰਾਂ ਵਿਚ ਆਮ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਸਰਕਾਰ ਵਲੋਂ ਆਏ ਦਿਨ ਨਵੀਂ ਵਿਉਂਤਬੰਦੀ ਬਣਾਉਂਦਿਆਂ ਇਸ ਵਰਤਾਰੇ ਨੂੰ ਸਰਲ ਬਣਾਉਣ ਦੇ ਲਈ ਸੂਬਾ ਸਰਕਾਰ ਦੇ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਵਿਭਾਗ ਵਲੋਂ ਲੋਕਾਂ ਨੂੰ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹੇ ਵਿਚ 9 ਸੇਵਾ ਕੇਂਦਰ ਚੱਲ ਰਹੇ ਹਨ | ਪਹਿਲਾਂ ਇਨ੍ਹਾਂ ਸੇਵਾ ਕੇਂਦਰਾਂ ਵਿਚ 443 ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ | ਜਿਨ੍ਹਾਂ ਵਿਚ ਹੁਣ ਵਾਧਾ ਕਰਦੇ ਹੋਏ ਮਾਲ ਵਿਭਾਗ ਦੀਆਂ 6 ਤੇ ਟਰਾਂਸਪੋਰਟ ਵਿਭਾਗ ਦੀਆਂ 29 ਸੇਵਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ | ਹੁਣ ਆਮ ਲੋਕ 478 ਤਰ੍ਹਾਂ ਦੀਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਦਾ ਲਾਭ ਸਿੱਧੇ ਤੌਰ 'ਤੇ ਘਰ ਬੈਠੇ 1076 ਰਾਹੀਂ ਜਾਂ ਫੇਰ ਸੇਵਾ ਕੇਂਦਰਾਂ ਰਾਹੀਂ ਲੈ ਸਕਣਗੇ | ਡਿਪਟੀ ਕਮਿਸ਼ਨਰ ਵਿਰਾਜ ਐੱਸ.ਤਿੜਕੇ ਨੇ ਮਾਲ ਵਿਭਾਗ ਸਬੰਧੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਸੇਵਾ ਕੇਂਦਰ ਰਾਹੀਂ ਲਈਆਂ ਜਾ ਸਕਦੀਆਂ ਹਨ | ਉਨ੍ਹਾਂ ਦੱਸਿਆ ਕਿ ਹੁਣ ਵਿਰਾਸਤ ਜਾਂ ਰਜਿਸਟਰੀ ਇੰਤਕਾਲ, ਜਮਾਬੰਦੀ 'ਚ ਦਰੁਸਤੀ ਜਾਂ ਰਪਟ ਦਰਜ, ਸਕਿ੍ਪਸ਼ਨ ਬੇਨਤੀ, ਡਿਜੀਟਲ ਫ਼ਰਦ ਜਮ੍ਹਾਬੰਦੀ ਲੈਣ ਲਈ ਲੋਕਾਂ ਨੂੰ ਤਹਿਸੀਲ ਦਫ਼ਤਰ ਜਾਂ ਪਟਵਾਰੀ ਕੋਲ ਜਾਣ ਦੀ ਲੋੜ ਨਹੀਂ ਹੈ | ਬਾਕੀ ਸੇਵਾਵਾਂ 'ਚ ਡਰਾਈਵਿੰਗ ਲਾਇਸੰਸ ਦੀ ਬਦਲੀ, ਪਤਾ, ਨਾਮ, ਜਨਮ ਮਿਤੀ ਬਦਲਣ ਤੋਂ ਇਲਾਵਾ ਆਰ.ਸੀ ਨਾਲ ਸਬੰਧਿਤ ਸੇਵਾਵਾਂ ਜਿਸ ਵਿਚ ਰਜਿਸਟਰੇਸ਼ਨ ਸਰਟੀਫਿਕੇਟ ਦੀ ਨਕਲ ਲਈ ਅਰਜ਼ੀ ਆਦਿ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸੇਵਾਵਾਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀ ਜ਼ਿਲ੍ਹੇ ਦੇ 9 ਨੇੜਲੇ ਸੇਵਾ ਕੇਂਦਰਾਂ ਤੋਂ ਜਾਂ ਫੇਰ ਘਰ ਬੈਠੇ ਹਾਸਲ ਕਰ ਸਕਦੇ ਹਨ |