ਸੰਗਰੂਰ, 20 ਜੂਨ (ਧੀਰਜ ਪਸ਼ੋਰੀਆ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸਰਜੀਵਨ ਜਿੰਦਲ ਨੇ ਕਿਹਾ ਕਿ 2014 ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ 11 ਸਾਲਾਂ ਦੇ ਸ਼ਾਸਨ ਦੌਰਾਨ ਬੀਜ ਤੋਂ ਬਜ਼ਾਰ ਤੱਕ ਦੇ ਦਿ੍ਸ਼ਟੀਕੋਣ ਉੱਪਰ ਆਧਾਰਿਤ ਮਾਰਗ ਦਰਸ਼ਨ ਦੀ ਤੁਲਨਾ ਕਰੀਏ ਤਾਂ 2025-26 ਵਿਚ ਖੇਤੀਬਾੜੀ ਬਜਟ ਵਿਚ 5 ਗੁਣਾਂ ਦਾ ਵਾਧਾ ਕੀਤਾ ਗਿਆ | ਪ੍ਰਧਾਨ ਮੰਤਰੀ ਕਿਸਾਨ ਨਿੱਧੀ ਯੋਜਨਾ ਤਹਿਤ 3.7 ਲੱਖ ਕਰੋੜ ਰੁ: ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫ਼ਰ ਕੀਤੇ ਗਏ | ਕਰੀਬ 25 ਲੱਖ ਮੁੱਦਰਾ ਸਿਹਤ ਕਾਰਡ ਵਿਤਰਤ ਕੀਤੇ ਗਏ | ਕਿਸਾਨ ਕਰੈਡਿਟ ਕਾਰਡ ਦੀ ਲਿਮਟ 3 ਲੱਖ ਦੀ ਸੀਮਾ ਤੋਂ ਵਧਾ ਕੇ 5 ਲੱਖ ਰੁ: ਕੀਤੀ ਗਈ | ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ 1.75 ਲੱਖ ਤੋਂ ਜ਼ਿਆਦਾ ਦਾ ਨਿਪਟਾਰਾ ਕੀਤਾ ਗਿਆ | ਪ੍ਰਧਾਨ ਮੰਤਰੀ ਧੰਨ ਖੇਤੀਬਾੜੀ ਯੋਜਨਾ ਤਹਿ 100 ਜ਼ਿਲਿ੍ਹਆਂ ਵਿਚ 1.7 ਕਰੋੜ ਕਿਸਾਨਾਂ ਨੂੰ ਲਾਭ ਦਿੱਤਾ ਗਿਆ | ਤਿਲਹਨ ਖ਼ਰੀਦ ਉੱਪਰ 1500% ਦੀ ਬਡੌਤਰੀ ਕੀਤੀ ਗਈ | 2021-2026 ਦੇ ਲਈ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ 93000 ਕਰੋੜ ਰੁ: ਖ਼ਰਚ ਕੀਤੇ ਗਏ, ਜਿਸ ਨਾਲ ਪੱਕੇ ਨਾਲੇ ਬਣਾ ਕੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਇਆ ਗਿਆ | ਉੱਚ ਦਰਜੇ ਦੇ ਬੀਜਾਂ ਲਈ 100 ਕਰੋੜ ਰੁ: ਦੀ ਯੋਜਨਾ ਦੀ ਘੋਸ਼ਣਾ ਕੀਤੀ ਗਈ | ਦੁੱਧ ਉਤਪਾਦਨ ਲਈ 100 ਕਰੋੜ ਰੁ: ਦੀ ਯੋਜਨਾ ਦੀ ਘੋਸ਼ਣਾ ਕੀਤੀ ਗਈ, ਸ਼ਹਿਦ ਉਤਪਾਦਨ, ਇੰਥਨੋਲ ਦੀ ਪੈਦਾਵਾਰ ਵਿਚ ਰਿਕਾਰਡ ਵਾਧਾ ਕੀਤਾ ਗਿਆ | ਸੋਲਰ ਪੈਨਲ ਲਗਾ ਕੇ ਕਿਸਾਨਾਂ ਦੀ ਬੰਜਰ ਜ਼ਮੀਨ ਨੂੰ ਉਪਜਾਊ ਕੀਤਾ ਗਿਆ | ਜੋ ਕਿ ਬਹੁਤ ਹੀ ਸ਼ਲਾਘਾਯੋਗ ਹਨ |