ਬਰਨਾਲਾ, 20 ਜੂਨ (ਨਰਿੰਦਰ ਅਰੋੜਾ)-ਸਿਹਤ ਵਿਭਾਗ ਵਲੋਂ ਮਿਲਾਵਟ ਖੋਰੀ ਰੋਕਣ ਲਈ ਜ਼ਿਲ੍ਹਾ ਬਰਨਾਲਾ ਵਿਖੇ ਡੇਅਰੀਆਂ ਦੀ ਚੈਕਿੰਗ ਕੀਤੀ ਗਈ | ਗੱਲਬਾਤ ਕਰਦਿਆਂ ਐੱਫ.ਐੱਸ.ਓ. ਮੈਡਮ ਸੀਮਾ ਬਾਵਾ ਨੇ ਦੱਸਿਆ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਮਿਆਰੀ ਤੇ ਸ਼ੁੱਧ ਖਾਣ ਵਾਲੇ ਪਦਾਰਥਾਂ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਦੁਕਾਨਦਾਰ ਮਿਲਾਵਟੀ ਸਾਮਾਨ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰੇ | ਦੁਕਾਨਦਾਰ ਅਤੇ ਲੋਕ ਜੋ ਵੀ ਖਾਧ ਪਦਾਰਥ ਖ਼ਰੀਦਦੇ ਹਨ ਤਾਂ ਉਹ ਆਪਣੇ ਪੱਧਰ 'ਤੇ ਵੀ ਜਾਂਚ ਕਰਵਾਉਣ ਤਾਂ ਜੋ ਹੋ ਰਹੀ ਮਿਲਾਵਟਖੋਰੀ ਨੂੰ ਰੋਕਿਆ ਜਾ ਸਕੇ | ਇਸੇ ਲੜੀ ਤਹਿਤ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਬਰਨਾਲਾ, ਸ਼ਹਿਣਾ ਅਤੇ ਭਦੌੜ ਇਲਾਕੇ ਦੀਆਂ ਡੇਅਰੀਆਂ ਦੀ ਚੈਕਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਫੂਡ ਟੀਮ ਵਲੋਂ ਘਿਉ, ਦੁੱਧ ਦੇ ਸੈਂਪਲ ਜਾਂਚ ਲਈ ਖਰੜ ਲੈਬ ਨੂੰ ਭੇਜੇ ਗਏ ਅਤੇ ਲਾਇਸੈਂਸ ਦੀ ਜਾਂਚ ਕੀਤੀ ਗਈ | ਉਨ੍ਹਾਂ ਕਿਹਾ ਕਿ ਡੇਅਰੀ ਦਾ ਰੁਜ਼ਗਾਰ ਕਰਨ ਵਾਲੇ ਸਾਰੇ ਲੋਕਾਂ ਨੂੰ ਹਦਾਇਤ ਵੀ ਕੀਤੀ ਗਈ ਕਿ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣੇ ਹੋਏ ਜਾਂ ਨਵਿਆਉਣ ਵਾਲੇ ਹਨ ਤਾਂ ਪਹਿਲ ਦੇ ਆਧਾਰ 'ਤੇ ਇਨ੍ਹਾਂ ਨੂੰ ਤਿਆਰ ਕਰਵਾਇਆ ਜਾਵੇ | ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਦੱਸਿਆ ਗਿਆ ਕਿ ਉਤਪਾਦਕਾਂ ਤੇ ਵਿਕਰੇਤਾਵਾਂ ਨੂੰ ਲਗਾਤਾਰ ਜਾਗਰੂਕ ਤੇ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਮਠਿਆਈ ਦੀ ਬਣਾਉਣ ਦੀ ਮਿਤੀ ਅਤੇ ਸਹੀ ਵਰਤੋਂ ਦੀ ਮਿਤੀ ਜ਼ਰੂਰ ਲਿਖ ਕੇ ਰੱਖਣ ਅਤੇ ਦੁਕਾਨਾਂ 'ਤੇ ਵੇਚੀਆਂ ਜਾਣ ਵਾਲੀਆਂ ਵਸਤਾਂ ਦੀ ਮਿਆਦ ਜ਼ਰੂਰ ਚੈੱਕ ਕਰਨ | ਮਠਿਆਈ ਬਣਾਉਣ ਸਮੇਂ ਜ਼ਿਆਦਾ ਰੰਗ ਜਾਂ ਹੋਰ ਕਿਸੇ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਖਾਣ ਵਾਲੀਆਂ ਵਸਤਾਂ ਤਿਆਰ ਕਰਨ ਜਾਂ ਵੇਚਣ ਵਾਲਿਆਂ ਦੀ ਨਿੱਜੀ ਸਫ਼ਾਈ ਬਹੁਤ ਜ਼ਰੂਰੀ ਹੈ |