ਸੰਗਰੂਰ, ਮਸਤੂਆਣਾ ਸਾਹਿਬ, 22 ਜੂਨ (ਧੀਰਜ ਪਸ਼ੋਰੀਆ, ਸਤਿਨਾਮ ਸਿੰਘ ਦਮਦਮੀ)-ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ, ਪੰਜਾਬ ਇਕਾਈ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ, ਪੰਜਾਬ ਇਕਾਈ ਦੀ ਸਾਂਝੀ ਮੀਟਿੰਗ ਗੁਰਦੁਆਰਾ ਗੁਰਸਾਗਰ, ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਹੋਈ | ਮੀਟਿੰਗ ਨੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਸੀ ਨੂੰ ਵਾਤਾਵਰਨ ਵਿਰੋਧੀ ਅਤੇ ਕਿਸਾਨ ਵਿਰੋਧੀ ਐਲਾਨਦਿਆਂ ਇਸ ਦੀ ਜ਼ੋਰਦਾਰ ਨਿਖੇਧੀ ਕੀਤੀ | ਉਨ੍ਹਾਂ ਕਿਸਾਨਾਂ ਨੂੰ ਇਸ ਪਾਲਿਸੀ ਤਹਿਤ ਆਪਣੀ ਜ਼ਮੀਨ ਨਾ ਦੇਣ ਦਾ ਫ਼ੈਸਲਾ ਕਰਨ ਦੀ ਬੇਨਤੀ ਕੀਤੀ | ਮੀਟਿੰਗ ਨੇ ਗੰਭੀਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਰੰਗਲਾ ਪੰਜਾਬ ਪਿੰਡਾਂ ਵਿਚ ਵਸਦਾ ਹੈ, ਨਾ ਕਿ ਸ਼ਹਿਰਾਂ ਦੀਆਂ ਅਰਬਨ ਅਸਟੇਟਾਂ ਵਿਚ | ਉਨ੍ਹਾਂ ਨੇ ਕਿਹਾ ਕਿ ਸ਼ਹਿਰੀਕਰਨ ਦਾ ਵਰਤਾਰਾ ਆਪਣੇ-ਆਪ ਵਿਚ ਹੀ ਵਾਤਾਵਰਨ ਵਿਰੋਧੀ ਹੈ | ਸ਼ਹਿਰੀਕਰਨ ਦਾ ਮੌਜੂਦਾ ਡਿਜ਼ਾਈਨ ਕਾਰਪੋਰੇਟ ਪੂੰਜੀਵਾਦੀ ਵਿਵਸਥਾ ਦੀ ਹੀ ਦੇਣ ਹੈ, ਜੋ ਸਿਰਫ਼ ਜੀ.ਡੀ.ਪੀ. ਵਧਾਉਣ 'ਤੇ ਹੀ ਕੇਂਦਰਤ ਹੈ | ਇਸ ਦਾ ਸ਼ੁੱਧ ਹਵਾ, ਸ਼ੁੱਧ ਪਾਣੀ, ਪੌਸ਼ਟਿਕ ਭੋਜਨ ਅਤੇ ਜੀਵਨ ਲਾਇਕ ਤਾਪਮਾਨ ਨਾਲ ਦੂਰ-ਦੂਰ ਤੱਕ ਕੋਈ ਵਾਹ-ਵਾਸਤਾ ਨਹੀਂ ਹੈ, ਜੋ ਸਾਡੇ ਜੀਵਨ ਦਾ ਮੂਲ ਆਧਾਰ ਹਨ | ਪੰਜਾਬ ਸਰਕਾਰ ਦੀ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਦੀ ਪ੍ਰਕਿਰਿਆ ਨੂੰ ਕਾਨੂੰਨੀ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਦੇ ਫ਼ੈਸਲੇ ਤੋਂ ਹੀ ਸਾਫ਼ ਲੱਗ ਰਿਹਾ ਸੀ ਕਿ ਸਰਕਾਰ ਪੰਜਾਬ ਦੀ ਖੇਤੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ | ਸ਼ਹਿਰੀਕਰਨ ਇਸੇ ਨੀਤੀ ਦਾ ਇੱਕ ਹਿੱਸਾ ਹੈ | ਸਰਕਾਰ ਵਾਤਾਵਰਨ ਪ੍ਰਭਾਵ ਮੁਲਾਂਕਣ ਰਿਪੋਰਟ ਅਤੇ ਸਮਾਜਿਕ ਪ੍ਰਭਾਵ ਮੁਲਾਂਕਣ ਰਿਪੋਰਟ ਤੋਂ ਭੱਜ ਕੇ ਸਿਰਫ਼ ਕਾਰਪੋਰੇਟ ਹਿਤਾਂ ਨੂੰ ਹੀ ਪੂਰਨਾ ਚਾਹੁੰਦੀ ਹੈ | ਪਹਿਲਾਂ ਲੁਧਿਆਣਾ ਇਲਾਕੇ ਦੀ 24311 ਏਕੜ ਜ਼ਮੀਨ ਤੇ ਦੰਦਾ ਧਰਿਆ ਸੀ, ਪਰ ਹੁਣ ਤਕਰੀਬਨ 22 ਹਜ਼ਾਰ ਏਕੜ ਹੋਰ ਜ਼ਮੀਨ 19 ਸ਼ਹਿਰਾਂ ਦੀਆਂ ਅਰਬਨ ਅਸਟੇਟਾਂ ਲਈ ਨੋਟੀਫਾਈ ਕਰ ਦਿੱਤੀ ਗਈ ਹੈ | ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਲੋਕਾਂ ਦੀ ਮਰਜ਼ੀ ਦੇ ਉਲਟ ਜ਼ਮੀਨ ਹਾਸਿਲ ਨਹੀਂ ਕਰਾਂਗੇ, ਦੂਜੇ ਪਾਸੇ ਇਸ ਜ਼ਮੀਨ ਬਾਰੇ ਨਵਾਂ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਕਿਸਾਨ ਆਪਣੀ ਇਸ ਜ਼ਮੀਨ ਨੂੰ ਕਿਸੇ ਨੂੰ ਵੀ ਨਹੀਂ ਵੇਚ ਸਕਦਾ, ਭਾਵ ਰਜਿਸਟਰੀ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ | ਜਿੱਥੇ ਇਕ ਪਾਸੇ ਜਲਵਾਯੂ ਤਬਦੀਲੀ ਖੇਤੀ ਪੈਦਾਵਾਰ ਅਤੇ ਉਸ ਦੀ ਗੁਣਵੱਤਾ ਉੱਤੇ ਨਾਂਹਪੱਖੀ ਅਸਰ ਪਾ ਰਹੀ ਹੈ, ਉੱਥੇ ਮਨੁੱਖ ਅਤੇ ਜੀਵ ਜੰਤੂਆਂ ਦੀ ਸਿਹਤ ਉੱਤੇ ਵੀ ਮਾੜਾ ਪ੍ਰਭਾਵ ਪਾ ਰਹੀ ਹੈ | ਜਲਵਾਯੂ ਤਬਦੀਲੀ ਦਾ ਟਾਕਰਾ ਕਰਨ ਲਈ ਸਾਨੂੰ ਆਪਣੀ ਖੇਤੀ ਦਾ ਡਿਜ਼ਾਇਨ ਬਦਲਣ ਦੀ ਜ਼ਰੂਰਤ ਹੈ, ਭਾਵ ਖੇਤੀ ਨੂੰ ਕੁਦਰਤੀ ਤਰੀਕੇ, ਜਿਵੇਂ ਖੇਤੀ ਦੇ ਕਲਾਈਮੇਟ ਜੋਨ ਅਤੇ ਮਿੱਟੀ ਦੀ ਰੋਂਸ ਮੁਤਾਬਕ ਫ਼ਸਲਾਂ ਅਤੇ ਬਾਗਵਾਨੀਕਰਨ ਵੱਲ ਮੁੜਨਾ ਪਵੇਗਾ, ਜਿਸ ਲਈ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਬਜਾਏ ਕੇਂਦਰ ਅਤੇ ਰਾਜ ਸਰਕਾਰ ਦਾ 50% ਬਜਟ ਖੇਤੀ ਸਾਧਨਾਂ ਨੂੰ ਸੁਧਾਰਨ, ਮਿੱਟੀ ਦੇ ਉਪਜਾਊਪਣ ਨੂੰ ਵਧਾਉਣ ਅਤੇ ਪਾਣੀ ਦੀ ਗੁਣਵਤਾ ਨੂੰ ਸੁਧਾਰਨ ਉੱਤੇ ਲਗਾਉਣਾ ਪਵੇਗਾ | ਅਜਿਹਾ ਮੋੜਾ ਦੇਣ ਲਈ ਸਾਨੂੰ ਇੱਕ ਮਜ਼ਬੂਤ ਅਤੇ ਜਾਗਰੂਕ ਲੋਕ ਲਹਿਰ ਦੀ ਜ਼ਰੂਰਤ ਹੈ, ਜਿਸ ਲਈ ਉਪਰੋਕਤ ਦੋਵੇਂ ਜਥੇਬੰਦੀਆਂ ਆਪਣੀ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ | ਮੀਟਿੰਗ ਵਿਚ ਮਹਿੰਦਰ ਸਿੰਘ ਭੱਠਲ, ਸੂਬਾ ਪ੍ਰਧਾਨ, ਜਗਪਾਲ ਸਿੰਘ ਊਧਾ, ਸੂਬਾ ਸਕੱਤਰ (ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ), ਗੁਰਦਰਸ਼ਨ ਸਿੰਘ ਖਟੜਾ, ਸੂਬਾ ਪ੍ਰਧਾਨ, ਹਰੀਸ਼ ਚੰਦਰ ਉੱਤਮ, ਸੂਬਾ ਸਕੱਤਰ (ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ), ਮਨਜੀਤ ਸਿੰਘ ਮਾਨ, ਸੰਦੀਪ ਸਿੰਘ ਗਰੇਵਾਲ, ਹਰਗੋਬਿੰਦ ਸ਼ੇਰਪੁਰ, ਮਹਿੰਦਰ ਸਿੰਘ ਖੋਖਰ, ਗੁਰਮੇਲ ਸਿੰਘ ਖਾਈ, ਅਵਤਾਰ ਸਿੰਘ ਸੰਗਰੂਰ, ਗੁਰਲਾਭ ਸਿੰਘ ਮਾਨਸਾ, ਸ਼ਮਿੰਦਰ ਸਿੰਘ ਲੌਂਗੋਵਾਲ, ਸੁਖਦੇਵ ਸਿੰਘ ਭੁਪਾਲ ਆਦਿ ਨੇ ਵਿਚਾਰ ਚਰਚਾ ਵਿਚ ਸਰਗਰਮ ਸ਼ਮੂਲੀਅਤ ਕੀਤੀ |