ਸੰਗਰੂਰ, 21 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵਲੋਂ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਪੀੜਤਾਂ ਦੀ ਮਦਦ ਲਈ ਇੱਕ ਵੱਡੀ ਰਾਹਤ ਮੁਹਿੰਮ ਸ਼ੁਰੂ ਕੀਤੀ ਗਈ | ਇਸ ਅਭਿਆਨ ਤਹਿਤ ਵੱਖ-ਵੱਖ ਜ਼ਿਲਿ੍ਹਆਂ ਦੀਆਂ ਸਥਾਨਕ ਟੀਮਾਂ ਰਾਹੀਂ ਹੜ੍ਹ ਪੀੜਤਾਂ ਤੱਕ ਜ਼ਰੂਰੀ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ | ਇਸ ਸੇਵਾ ਲਈ ਸ੍ਰੀ ਸੁੱਖੀ ਬਾਠ ਨੇ ਆਪਣੀ ਨਿੱਜੀ ਕਮਾਈ ਵਿਚੋਂ ਲੱਖਾਂ ਰੁਪਏ ਖ਼ਰਚ ਕਰ ਕੇ ਇੱਕ ਸ਼ਲਾਘਾਯੋਗ ਮਿਸਾਲ ਪੈਦਾ ਕੀਤੀ ਹੈ | ਇਸ ਰਾਹਤ ਕਾਰਜ ਤਹਿਤ ਹੁਣ ਤੱਕ ਕੀਤੀਆਂ ਗਈਆਂ ਸੇਵਾਵਾਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਤਕਰੀਬਨ 100 ਪਰਿਵਾਰਾਂ ਨੂੰ ਘਰੇਲੂ ਲੋੜਾਂ ਦਾ ਜ਼ਰੂਰੀ ਰਾਸ਼ਨ ਜਿਸ ਵਿਚ ਆਟਾ, ਦਾਲ, ਚਾਵਲ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਸ਼ਾਮਲ ਹਨ, ਭੇਜਿਆ ਗਿਆ | ਇਹ ਸੇਵਾ ਮੈਡਮ ਅਮਰਜੋਤੀ ਮੰਗਟ ਦੀ ਅਗਵਾਈ ਹੇਠ ਨਿਭਾਈ ਗਈ | ਗੁਰਦਾਸਪੁਰ ਜ਼ਿਲ੍ਹੇ ਵਿਚ ਵੀ 100 ਦੇ ਕਰੀਬ ਪਰਿਵਾਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਕੰਬਲ ਅਤੇ ਬੈੱਡਸ਼ੀਟਾਂ ਸਮੇਤ ਹੋਰ ਲੋੜੀਂਦੀਆਂ ਚੀਜ਼ਾਂ ਦਿੱਤੀਆਂ ਗਈਆਂ | ਇਹ ਸਮਗਰੀ ਡਾ. ਸਤਿੰਦਰ ਕੌਰ ਦੀ ਅਗਵਾਈ ਵਿਚ ਹੜ੍ਹ ਪੀੜਤਾਂ ਤੱਕ ਪਹੁੰਚਾਈ ਗਈ | ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਘੱਗਰ ਦਰਿਆ ਦੀ ਮਾਰ ਹੇਠ ਆਏ ਪਟਿਆਲਾ ਦੇ ਤਿੰਨ ਪਿੰਡਾਂ ਵਿਚ ਰਾਹਤ ਕਾਰਜਾਂ ਨੂੰ ਅੰਜਾਮ ਦਿੱਤਾ ਗਿਆ | ਨਵੀਆਂ ਕਲਮਾਂ ਨਵੀਂ ਉਡਾਣ ਦੇ ਪ੍ਰੋਜੈਕਟ ਇੰਚਾਰਜ ਓਾਕਾਰ ਸਿੰਘ ਤੇਜੇ ਅਤੇ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਘਨੌਰ ਦੇ ਪ੍ਰੋਫੈਸਰ ਜਸਵਿੰਦਰ ਕੌਰ ਦੀ ਦੇਖ-ਰੇਖ ਹੇਠ ਇੱਥੇ ਤਕਰੀਬਨ 100 ਪਰਿਵਾਰਾਂ ਨੂੰ ਮੱਛਰਦਾਨੀਆਂ, ਤਰਪਾਲਾਂ ਅਤੇ ਮੈਡੀਕਲ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਤਾਂ ਜੋ ਉਹ ਬਿਮਾਰੀਆਂ ਤੋਂ ਬਚ ਸਕਣ | ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੜ੍ਹਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪਹੁੰਚੇ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ ਫ਼ਾਜ਼ਿਲਕਾ ਜ਼ਿਲ੍ਹੇ ਵਿਚ 150 ਦੇ ਕਰੀਬ ਬੱਚਿਆਂ ਨੂੰ ਸਟੇਸ਼ਨਰੀ ਜਿਸ ਵਿਚ ਕਾਪੀਆਂ, ਪੈੱਨ ਅਤੇ ਸਕੂਲ ਬੈਗ ਸ਼ਾਮਲ ਸਨ, ਵੰਡੇ ਗਏ | ਇਹ ਕਾਰਜ ਮੈਡਮ ਸੋਨੀਆ ਦੀ ਅਗਵਾਈ ਹੇਠ ਪੂਰਾ ਕੀਤਾ ਗਿਆ | ਸ੍ਰੀ ਸੁੱਖੀ ਬਾਠ ਨੇ ਦੱਸਿਆ ਕਿ ਇਹ ਰਾਹਤ ਕਾਰਜ ਹਾਲੇ ਵੀ ਜਾਰੀ ਹਨ ਅਤੇ ਜਲਦ ਹੀ ਪਠਾਨਕੋਟ ਅਤੇ ਅੰਮਿ੍ਤਸਰ ਵਰਗੇ ਜ਼ਿਲਿ੍ਹਆਂ ਵਿਚ ਵੀ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮਗਰੀ ਭੇਜੀ ਜਾਵੇਗੀ, ਜਿਸ ਲਈ ਸਥਾਨਕ ਟੀਮਾਂ ਵਲੋਂ ਲੋੜੀਂਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ |