ਦਿੜ੍ਹਬਾ ਮੰਡੀ, 21 ਸਤੰਬਰ (ਹਰਬੰਸ ਸਿੰਘ ਛਾਜਲੀ) - ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ ਤੋਂ ਭੱਜ ਗਈ ਹੈ | ਜਿਸ ਕਰ ਕੇ ਲੋਕਾਂ ਦਾ ਪੰਜਾਬ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ ਤੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਲਦਾ ਕਰਨਾ ਚਾਹੰੁਦੇ ਹਨ | ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੇ ਲੋਕ ਤੰਗ ਆ ਚੁੱਕੇ ਹਨ ਜਿਸ ਕਰ ਕੇ ਕਾਂਗਰਸ ਵਰਕਰ ਤੱਕੜੇ ਹੋ ਕੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਡਟ ਕੇ ਪ੍ਰਚਾਰ ਕਰਨ | ਇਹ ਵਿਚਾਰ ਕਾਂਗਰਸ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਅਬਜ਼ਰਵਰ ਜਗਦੀਸ਼ ਚੰਦਰ ਜਾਂਗੜ ਨੇ ਦਿੜ੍ਹਬਾ ਵਿਖੇ ਹਲਕੇ ਦੇ ਕਾਂਗਰਸ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸਰਕਾਰ ਬਣਨ ਤੇ ਕਈ ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਨਾ ਲੈਣ ਦਾ ਵਾਅਦਾ ਕੀਤਾ ਸੀ ਪਰ ਹੁਣ ਸਭ ਤੋਂ ਵੱਧ ਸਰਕਾਰੀ ਸਹੂਲਤਾਂ ਲੈ ਰਹੇ ਹਨ | ਕਰੋੜਾਂ ਰੁਪਏ ਦੀਆਂ ਗੱਡੀਆਂ ਵਿਚ ਸਫ਼ਰ ਕਰ ਰਹੇ ਹਨ | ਹੈਲੀਕਾਪਟਰ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ | ਸ੍ਰੀ ਜਾਂਗੜ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰਨ | ਮਿਹਨਤੀ ਵਰਕਰਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ | ਸ੍ਰੀ ਜਗਦੀਸ਼ ਚੰਦਰ ਜਾਂਗੜ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਵਰਕਰਾਂ ਦੇ ਸੁਝਾਅ ਵੀ ਲਏ | ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਰੁਪਿੰਦਰ ਰੂਬੀ ਬਠਿੰਡਾ, ਸਾਬਕਾ ਚੇਅਰਮੈਨ ਸਤਨਾਮ ਸਿੰਘ ਸੱਤਾ, ਜਗਦੇਵ ਗਾਗਾ, ਸਨਮੀਕ ਹੈਨਰੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜੱਸੀ ਨੰਬਰਦਾਰ, ਸਾਬਕਾ ਚੇਅਰਮੈਨ ਜਗਸੀਰ ਸਿੰਘ ਖਨਾਲ, ਗੋਗੀ ਖੋਪੜਾ, ਮਨਜੀਤ ਸਿੰਘ ਕਮਾਲਪੁਰ, ਬਸੀਰਾ ਬੇਗਮ, ਜਗਤਾਰ ਸਿੰਘ ਖੇਤਲਾ, ਜਗਤਾਰ ਸਿੰਘ ਜਨਾਲ ਆਦਿ ਵੀ ਮੌਜੂਦ ਸਨ |