ਮਲੇਰਕੋਟਲਾ, ਕੁੱਪ ਕਲਾਂ, 21 ਸਤੰਬਰ (ਮਨਜਿੰਦਰ ਸਿੰਘ ਸਰੌਦ, ਸੁਖਜਿੰਦਰ ਸਿੰਘ ਝੱਲ) - ਕਾਂਗਰਸ ਪਾਰਟੀ ਵਲੋਂ ਪੰਜਾਬ ਅੰਦਰ ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਲਈ ਵਰਕਰਾਂ ਨਾਲ ਸਲਾਹ ਮਸ਼ਵਰੇ ਉਪਰੰਤ ਤਾਲਮੇਲ ਕਰਦਿਆਂ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ | ਜਿਸ ਦੇ ਚੱਲਦਿਆਂ ਕਸਬਾ ਕੁੱਪ ਕਲਾਂ ਅਤੇ ਮਲੇਰਕੋਟਲਾ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਵਰਿੰਦਰ ਸਿੰਘ ਰਾਠੌਰ ਦੀ ਪ੍ਰਧਾਨਗੀ ਹੇਠ ਦੋ ਰੋਜ਼ਾ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ ਵਿਚ ਸੰਸਦ ਮੈਂਬਰ ਡਾਕਟਰ ਅਮਰ ਸਿੰਘ, ਅਬਜ਼ਰਵਰ ਵਰਿੰਦਰ ਸਿੰਘ ਰਠੌਰ, ਸਾਬਕਾ ਕੈਬਨਿਟ ਵਜ਼ੀਰ ਬੀਬਾ ਰਜ਼ੀਆ ਸੁਲਤਾਨਾ, ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ, ਗੁਰਜੋਤ ਸਿੰਘ ਢੀਂਡਸਾ, ਸਮਿੱਤ ਸਿੰਘ ਮਾਨ, ਬੀਬਾ ਨਿਸ਼ਾਤ ਅਖ਼ਤਰ ਸਮੇਤ ਮਲੇਰਕੋਟਲਾ ਅਤੇ ਹਲਕਾ ਅਮਰਗੜ੍ਹ ਦੀ ਸੀਨੀਅਰ ਲੀਡਰਸ਼ਿਪ ਨੇ ਸ਼ਿਰਕਤ ਕੀਤੀ | ਸਾਂਸਦ ਡਾ. ਅਮਰ ਸਿੰਘ, ਆਬਜ਼ਰਵਰ ਵਰਿੰਦਰ ਸਿੰਘ ਰਾਠੌਰ ਸਣੇ ਕਈ ਬੁਲਾਰਿਆਂ ਨੇ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕੀਤਾ | ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਅਤੇ ਗੁਰਜੋਤ ਸਿੰਘ ਢੀਂਡਸਾ ਨੇ ਦੱਸਿਆ ਕਿ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀਨੀਅਰ ਆਗੂਆਂ ਵੱਲੋਂ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਪਾਰਟੀ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਸਾਰੇ ਜ਼ਿਲਿ੍ਹਆਂ ਦੇ ਨਵੇਂ ਪ੍ਰਧਾਨਾਂ ਦੀ ਚੋਣ ਲੋਕਤੰਤਰੀ ਤਰੀਕੇ ਨਾਲ ਕੀਤੀ ਜਾਵੇਗੀ | ਇਸ ਦੇ ਲਈ 6 ਨਾਵਾਂ ਦਾ ਇੱਕ ਪੈਨਲ ਤਿਆਰ ਕਰ ਕੇ ਪਾਰਟੀ ਹਾਈ ਕਮਾਂਡ ਨੂੰ ਭੇਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪਹੁੰਚੇ ਹੋਏ ਆਗੂ ਸਾਹਿਬਾਨਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਪਾਰਟੀ ਦੇ ਵਰਕਰਾਂ ਅਤੇ ਲੀਡਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ | ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਪਾਰਟੀ ਲਈ ਕੰਮ ਕਰਨ ਵਾਲਿਆਂ ਨੂੰ ਤਰਜ਼ੀਹ ਦਿੱਤੀ ਜਾਵੇਗੀ | ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਅਜੇ ਡੇਢ ਸਾਲ ਦਾ ਸਮਾਂ ਬਾਕੀ ਪਿਆ ਹੈ, ਇਸ ਲਈ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੀ ਟਿਕਟ ਬਾਰੇ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ | ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ, ਸਾਬਕਾ ਕੈਬਨਿਟ ਵਜ਼ੀਰ ਬੀਬਾ ਰਜ਼ੀਆ ਸੁਲਤਾਨਾ ਅਤੇ ਸਾਬਕਾ ਉੱਚ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਦੇ ਗ੍ਰਹਿ ਮਲੇਰਕੋਟਲਾ ਹਾਊਸ ਵਿਖੇ ਪਹੁੰਚ ਕੇ ਮੀਟਿੰਗਾਂ ਕਰ ਚੁੱਕੇ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ ਹਥਨ, ਸੁਮਿਤ ਮਾਨ, ਬੀਬਾ ਨਿਸ਼ਾਂਤ ਅਖ਼ਤਰ, ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ, ਸਾਬਕਾ ਚੇਅਰਮੈਨ ਸੀਨੀਅਰ ਆਗੂ ਗੁਰਵਿੰਦਰ ਸਿੰਘ ਫੱਲੇਵਾਲ, ਕਮਲਜੀਤ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਮਹਿਲਾ ਆਗੂ ਬੀਬੀ ਕਾਂਤਾ ਕੁਠਾਲਾ, ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਮੁਜ਼ੱਮਿਲ ਅਲੀ ਸ਼ੇਰਵਾਨੀ, ਸਾਬਕਾ ਚੇਅਰਮੈਨ ਰਾਸ਼ਿਦ ਖਿਲਜੀ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ, ਸ਼ਹਿਰੀ ਬਲਾਕ ਪ੍ਰਧਾਨ ਦੀਪਕ ਸ਼ਰਮਾ, ਸਰਪੰਚ ਦਹਿਲੀਜ਼ ਮੁਹੰਮਦ ਹਾਜੀ, ਕੌਂਸਲਰ ਰਾਕੇਸ਼ ਸ਼ਾਹੀ, ਹਰਪ੍ਰੀਤ ਸਮਰਾ ਅਹਿਮਦਗੜ੍ਹ ਛੰਨਾ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁਦੇਦਾਰ ਹਾਜ਼ਰ ਸਨ |