ਸੰਗਰੂਰ, 16 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਬਲਾਕ ਕਾਂਗਰਸ ਸੰਗਰੂਰ ਦਾ ਇੱਕ ਵਫ਼ਦ ਬਲਾਕ ਪ੍ਰਧਾਨ ਸ੍ਰੀ ਰੋਕੀ ਬਾਂਸਲ ਦੀ ਅਗਵਾਈ ਹੇਠ ਸ੍ਰੀ ਲਵਪ੍ਰੀਤ ਸਿੰਘ ਸਹਾਇਕ ਕਮਿਸ਼ਨਰ ਜਨਰਲ ਸੰਗਰੂਰ ਨੂੰ ਮਿਲਿਆ ਵਫ਼ਦ ਵਿਚ ਨਗਰ ਕੌਂਸਲ ਵਿਚ ਵਿਰੋਧੀ ਧਿਰ ਦੇ ਆਗੂ ਨੱਥੂ ਲਾਲ ਢੀਂਗਰਾ, ਕੌਂਸਲਰ ਸੁਰਿੰਦਰ ਸਿੰਘ ਭਿੰਡਰ, ਕੌਂਸਲਰ ਮਨੀ ਕਥੂਰੀਆ, ਕੌਂਸਲਰ ਦੀਪਕ, ਕੌਂਸਲਰ ਜਯੋਤੀ ਗਾਬਾ, ਕੌਂਸਲਰ ਹਿਮਾਂਸ਼ੂ ਗਾਬਾ, ਰਵੀ ਚਾਵਲਾ, ਸਾਬਕਾ ਚੇਅਰਮੈਨ ਬਿੰਦਰ ਬਾਂਸਲ, ਪਰਮਿੰਦਰ ਬਜਾਜ, ਸ੍ਰੀਮਤੀ ਨਰੇਸ਼ ਸ਼ਰਮਾ, ਸੰਮੀ ਮਾਂਗਟ, ਹਰਪਾਲ ਸੋਨੰੂ, ਚਰਨਜੀਤ ਕੌਰ ਵੀ ਮੌਜੂਦ ਸਨ | ਰੋਕੀ ਬਾਂਸਲ, ਢੀਂਗਰਾ ਅਤੇ ਭਿੰਡਰ ਨੇ ਅਧਿਕਾਰੀ ਕੋਲ ਸ਼ਹਿਰ ਵਿਚ ਸਫ਼ਾਈ ਵਿਵਸਥਾ ਦਾ ਮਾੜਾ ਹਾਲ ਬਿਆਨ ਕਰਦਿਆਂ ਕਿਹਾ ਕਿ ਥਾਂ-ਥਾਂ ਕੂੜੇ ਦੇ ਢੇਰ ਲਗੇ ਹੋਏ ਹਨ ਅਤੇ ਸੀਵਰੇਜ ਸਾਫ਼ ਨਾ ਹੋਣ ਕਾਰਨ ਗੰਦਾ ਪਾਣੀ ਲੋਕਾ ਦੇ ਘਰਾਂ ਵਿਚ ਵਾਪਸ ਆ ਰਿਹਾ ਹੈ | ਸਿੱਟੇ ਵਜੋਂ ਗੰਦਾ ਪਾਣੀ ਲੋਕ ਪੀਣ ਲਈ ਮਜਬੂਰ ਹਨ ਅਤੇ ਭਾਂਤ ਭਾਂਤ ਦੀ ਬਿਮਾਰੀਆਂ ਜਿਵੇਂ ਕਿ ਡੇਗੂ, ਚਿਕਨ ਗੂਨੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ | ਬਿਮਾਰੀਆਂ ਤੋਂ ਬਚਾਅ ਹਿਤ ਸ਼ਹਿਰ ਵਿਚ ਫੌਗਿੰਗ ਮਸ਼ੀਨਾਂ ਦੀ ਘਾਟ ਹੈ, ਜਿਸ ਕਾਰਨ ਬਿਮਾਰੀਆਂ ਦਿਨ ਪ੍ਰਤੀ ਦਿਨ ਫੈਲ ਰਹੀਆ ਹਨ | ਸ਼ਹਿਰ ਦੇ ਬਹੁਤੇ ਮੁਹੱਲਿਆਂ ਵਿਚ ਸਟਰੀਟ ਲਾਈਟਾਂ ਦੀ ਘਾਟ ਹੋਣ ਦੀ ਗੱਲ ਕਰਦਿਆਂ ਰੋਕੀ ਬਾਂਸਲ, ਭਿੰਡਰ ਨੇ ਕਿਹਾ ਕਿ ਇਸ ਕਾਰਨ ਮੁਹੱਲਾ ਨਿਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਉਣ ਵਾਲੇ ਧੁੰਦ ਦੇ ਮੌਸਮ ਵਿਚ ਵੱਡੀ ਦੁਰਘਟਨਾ ਵੀ ਵਾਪਰ ਸਕਦੀ ਹੈ | ਸ਼ਹਿਰ ਵਿਚ ਕਈ ਥਾਵਾਂ ਉੱਤੇ ਟਿਊਬਵੈੱਲ ਖ਼ਰਾਬ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਹੈ | ਸ਼ਹਿਰ ਵਿਚ ਪਸ਼ੂ ਅਤੇ ਕੁੱਤੇ ਆਵਾਰਾ ਘੁੰਮਣ ਕਾਰਨ ਰੋਜ਼ਾਨਾ ਕੋਈ ਨਾ ਕੋਈ ਦੁਰਘਟਨਾ ਵਾਪਰਨ ਦੀ ਗੱਲ ਕਰਦਿਆਂ ਕਾਂਗਰਸ ਆਗੂਆਂ ਨੇ ਕਿਹਾ ਕਿ ਲੋਕ ਭਲਾਈ ਦੇ ਹਿਤਾਂ ਲਈ ਪ੍ਰਸ਼ਾਸਨ ਜਲਦ ਤੋਂ ਜਲਦ ਯੋਗ ਕਦਮ ਚੁੱਕਣ | ਇਸ ਮੌਕੇ ਖੇਮ ਚੰਦ ਸ਼ਰਮਾ, ਲਲਿਤ ਗੋਇਲ, ਸਕਤੀਜੀਤ, ਬਲਕਾਰ ਸਿੰਘ, ਨਵੀਨ ਬੱਗਾ, ਨਰੇਸ਼ ਗਾਬਾ, ਭੁਪਿੰਦਰ ਸ਼ਰਮਾ, ਅੰਮਿ੍ਤ ਲਾਲ ਗਰਗ ਆਦਿ ਆਗੂ ਵੀ ਕਾਂਗਰਸ ਵਫ਼ਦ ਵਿਚ ਸ਼ਾਮਲ ਸਨ | ਕਾਂਗਰਸ ਆਗੂਆਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਸ਼ਹਿਰ ਦੀ ਸਫ਼ਾਈ ਵਿਵਸਥਾ ਦੀ ਹਾਲਤ ਨਾ ਸੁਧਰੀ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ |