22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਲਗਾਤਾਰ ਹੋਈ ਬਾਰਿਸ਼ ਨਾਲ ਡਿੱਗੇ ਅਤੇ ਨੁਕਸਾਨੇ 2 ਦਰਜਨ ਦੇ ਕਰੀਬ ਮਕਾਨਾਂ ਦੇ ਮਾਲਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 17-10-2025
ਸੰਗਰੂਰ, 16 ਅਕਤੂਬਰ (ਧੀਰਜ ਪਸ਼ੌਰੀਆ) - ਪਿਛਲੇ ਮਹੀਨੇ ਕਈ ਦਿਨ ਹੋਈ ਬਰਸਾਤ ਨਾਲ ਜ਼ਿਲ੍ਹੇ ਦੇ ਕਰੀਬ ਹਰ ਪਿੰਡ ਵਿਚ ਮਕਾਨਾਂ ਦਾ ਨੁਕਸਾਨ ਹੋਇਆ ਹੈ | ਇਨ੍ਹਾਂ ਪਿੰਡਾਂ ਵਿਚ ਮਕਾਨ ਡਿੱਗੇ ਹਨ ਅਤੇ ਨੁਕਸਾਨੇ ਵੀ ਗਏ ਹਨ | ਇਸ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਹੋਏ ਹੁਕਮਾਂ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਅਤੇ ਜੇ.ਈ. ਪੱਧਰ ਤੇ ਅਧਿਕਾਰੀਆਂ ਵਲੋਂ ਪਿੰਡਾਂ ਦਾ ਸਰਵੇ ਕੀਤਾ ਗਿਆ ਹੈ ਤਾਂ ਕਿ ਪੰਜਾਬ ਸਰਕਾਰ ਵਲੋਂ ਪ੍ਰਭਾਵਿਤ ਘਰਾਂ ਦੇ ਮਾਲਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ ਪਰ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਸਿਰਫ਼ 144 ਪਿੰਡਾਂ ਦਾ ਹੀ ਸਰਵੇ ਕੀਤਾ ਗਿਆ ਹੈ, ਬਾਕੀ ਨੂੰ ਸਰਵੇ ਤੋ ਬਾਹਰ ਕਰ ਦਿੱਤਾ ਗਿਆ ਹੈ | ਸਰਵੇ ਤੋਂ ਬਾਹਰ ਕੀਤੇ ਗਏ ਪਿੰਡਾਂ ਵਿਚ ਅੱਜ ਕੁੱਝ ਪਿੰਡਾਂ ਜਿਨ੍ਹਾਂ ਵਿਚ ਫ਼ਤਿਹਗੜ੍ਹ ਛੰਨਾ, ਘਰਾਚੋ, ਕਾਂਝਲਾ, ਧੂਰਾ, ਜਹਾਂਗੀਰ ਕੁੰਭੜਵਾਲ, ਰੰਗੀਆ ਆਦਿ ਦੇ ਕਰੀਬ 25 ਨੁਕਸਾਨੇ ਗਏ ਘਰਾਂ ਦੇ ਮਾਲਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਗੁਹਾਰ ਲਗਾਈ ਹੈ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਮਹੀਨੇ ਐਲਾਨ ਕੀਤਾ ਗਿਆ ਸੀ ਕਿ ਸੂਬੇ ਦੇ ਹਰ ਪਿੰਡ ਵਿਚ ਸਪੈਸ਼ਲ ਗਿਰਦਾਵਰੀ ਕਰਵਾ ਕੇ ਘਰਾਂ ਦਾ, ਫ਼ਸਲਾਂ ਦਾ, ਪਸ਼ੂ ਧਨ ਅਤੇ ਇਨਸਾਨੀ ਜ਼ਿੰਦਗੀ ਦੇ ਹੋਏ ਨੁਕਸਾਨ ਦਾ ਮੁਆਵਜ਼ਾ 40 ਦਿਨਾਂ ਦੇ ਵਿਚ ਵਿਚ ਦਿੱਤਾ ਜਾਵੇਗਾ ਪਰ ਹੁਣ ਤਾਂ ਦਿਨ 40 ਤੋਂ ਵੀ ਉੱਪਰ ਗੁਜ਼ਰ ਗਏ ਹਨ | ਅਜੇ ਤਾਂ ਉਨ੍ਹਾਂ ਦੇ ਘਰਾਂ ਦਾ ਸਰਵੇ ਵੀ ਨਹੀਂ ਹੋਇਆ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚੇ ਇਨ੍ਹਾਂ ਘਰਾਂ ਦੇ ਮਾਲਕਾਂ ਵਿਚ ਹੋਰਨਾਂ ਤੋਂ ਇਲਾਵਾ ਭੋਲਾ ਸਿੰਘ ਕੁੰਭੜਵਾਲ, ਸਰਵਣ ਸਿੰਘ ਫ਼ਤਿਹਗੜ੍ਹ ਛੰਨਾ, ਚਾਨਣ ਸਿੰਘ ਕੁੰਭੜਵਾਲ, ਅਮਨਦੀਪ ਕੌਰ ਜਹਾਂਗੀਰ, ਅਮਰਜੀਤ ਸਿੰਘ ਧੂਰਾ, ਲਖਵਿੰਦਰ ਸਿੰਘ ਧੂਰਾ ਸ਼ਾਮਿਲ ਸਨ | ਇਨ੍ਹਾਂ ਦੇ ਨਾਲ ਪਹੁੰਚੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਕੇਂਦਰ ਸਰਕਾਰ ਹੜ੍ਹਾਂ ਨਾਲ ਪ੍ਰਭਾਵਿਤ ਹਰ ਵਿਅਕਤੀ ਨੂੰ ਮੁਆਵਜ਼ਾ ਦੇਣ ਲਈ ਤਿਆਰ ਹੈ ਪਰ ਇਹ ਪੰਜਾਬ ਸਰਕਾਰ ਦੀ ਨਾਲਾਇਕੀ ਹੈ ਕਿ ਉਹ ਪੂਰਾ ਸਰਵੇ ਵੀ ਨਹੀਂ ਕਰਵਾ ਸਕੀ | ਕੇਂਦਰ ਸਰਕਾਰ, ਪੰਜਾਬ ਦੇ 50700 ਪ੍ਰਭਾਵਿਤ ਘਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਮੁਆਵਜ਼ਾ ਭੇਜ ਚੁੱਕੀ ਹੈ |
ਪਿਛਲੀ ਖ਼ਬਰ 12 ਦਿਨਾਂ ਤੋਂ ਚੈੱਕ ਪਾਸ ਨਾ ਕਰਨ ਕਰਕੇ ਬੈਂਕ ਅੱਗੇ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਸ਼ਹਿਰ ਵਿਚ ਸਫ਼ਾਈ ਵਿਵਸਥਾ ਦੀ ਘਾਟ ਕਾਰਨ ਫੈਲ ਰਹੀਆਂ ਬਿਮਾਰੀਆਂ ਦੇ ਮੱਦੇਨਜ਼ਰ ਕਾਂਗਰਸ ਦਾ ਵਫ਼ਦ ਅਧਿਕਾਰੀ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।