ਸ਼ੇਰਪੁਰ, 16 ਅਕਤੂਬਰ (ਦਰਸ਼ਨ ਸਿੰਘ ਖੇੜੀ)-ਸ਼ੇਰਪੁਰ ਦੇ ਲਾਗਲੇ ਪਿੰਡ ਖੇੜੀ ਕਲਾਂ ਦੇ ਕਿਸਾਨ ਪਰਮਿੰਦਰ ਸਿੰਘ ਟਿੰਕਾ ਪੁੱਤਰ ਰਣਜੀਤ ਸਿੰਘ ਨੰਬਰਦਾਰ ਵਲੋਂ 4 ਅਕਤੂਬਰ ਨੂੰ ਪੰਜਾਬ ਐਂਡ ਸਿੰਧੂ ਬੈਂਕ ਦੀ ਬ੍ਰਾਂਚ ਸ਼ੇਰਪੁਰ ਵਿਖੇ 2 ਲੱਖ ਰੁਪਏ ਦਾ ਚੈੱਕ ਲਗਾਇਆ ਗਿਆ ਸੀ | ਜਿਸ ਨੰੂ ਬੈਂਕ ਵਲੋਂ ਅੱਜ 12 ਦਿਨ ਬੀਤ ਜਾਣ ਦੇ ਮਗਰੋਂ ਵੀ ਕਲੀਅਰ ਨਹੀ ਕੀਤਾ ਗਿਆ | ਜਿਸ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਬੈਂਕ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ | ਪੀੜਿਤ ਕਿਸਾਨ ਪਰਮਿੰਦਰ ਸਿੰਘ ਟਿੰਕਾ ਨੇ ਕਿਹਾ ਕਿ ਉਸ ਨੇ ਇਸ ਬੈਂਕ ਵਿਚ ਚੱਲਦੀ ਆਪਣੀ ਦੋ ਲੱਖ ਰੁਪਏ ਦੀ ਲਿਮਟ ਭਰ ਕੇ ਉਸ ਨੰੂ ਬੰਦ ਕਰਵਾਉਣ ਲਈ ਚੈੱਕ ਲਗਾਇਆ ਸੀ ਪਰ ਵਾਰ ਵਾਰ ਬੈਂਕ ਦੇ ਚੱਕਰ ਲਗਾਉਣ ਦੇ ਬਾਵਜੂਦ ਵੀ ਬੈਂਕ ਵਲੋਂ ਇਨ੍ਹੇ ਦਿਨਾਂ ਬਾਅਦ ਵੀ ਚੈੱਕ ਕਲੀਅਰ ਨਹੀਂ ਕੀਤਾ ਗਿਆ | ਕਿਸਾਨ ਆਗੂ ਤੇ ਪੰਚਾਇਤ ਮੈਂਬਰ ਹਰਮੇਲ ਸਿੰਘ ਹੇਲੀ ਖੇੜੀ ਕਲਾਂ ਤੇ ਕਿਸਾਨ ਆਗੂ ਮਹਿੰਦਰ ਸਿੰਘ ਖੇੜੀ ਨੇ ਕਿਹਾ ਕਿ ਬੈਂਕ ਮੈਨੇਜਰ ਵਲੋਂ ਜਾਣ ਬੁੱਝ ਕੇ ਪੀੜਿਤ ਕਿਸਾਨ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਬੈਂਕ ਮੈਨੇਜਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੱਲ੍ਹ ਤੱਕ ਚੈੱਕ ਕਲੀਅਰ ਨਾ ਹੋਇਆ ਤਾਂ ਬੈਂਕ ਨੂੰ ਜਿੰਦਰਾ ਲਗਾ ਕੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ | ਥਾਣਾ ਸ਼ੇਰਪੁਰ ਦੇ ਮੁੱਖ ਅਫ਼ਸਰ ਬਲੌਰ ਸਿੰਘ ਵਲੋਂ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜ ਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਇਆ ਗਿਆ | ਇਸ ਮੌਕੇ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖਾ ਤੇ ਕੁਲਦੀਪ ਸਿੰਘ ਹੌਲਦਾਰ ਅਤੇ ਕਿਸਾਨ ਆਗੂ ਸੁਖਦੀਪ ਸਿੰਘ ਚਹਿਲ, ਭੋਲਾ ਸਿੰਘ, ਜਿੰਮੀ, ਜੱਸਾ ਸਿੰਘ ਆਦਿ ਆਗੂ ਮੌਜੂਦ ਸਨ | ਜਦੋਂ ਇਸ ਸਬੰਧੀ ਬੈਂਕ ਮੈਨੇਜਰ ਅਸ਼ੀਸ਼ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੈੱਕ ਕਲੀਅਰਐਸ ਲਈ ਭੇਜਿਆ ਹੋਇਆ ਹੈ ਤੇ ਦਿੱਕਤ ਪਿੱਛੋਂ ਹੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ |