ਸੰਗਰੂਰ, 16 ਅਕਤੂਬਰ (ਧੀਰਜ ਪਸ਼ੌਰੀਆ) - ਪੰਜਾਬ ਵਿਚ ਝੋਨੇ ਦੀ ਫ਼ਸਲ ਦੇ ਨਿਸਾਰੇ ਮੌਕੇ ਹੋਈ ਲਗਾਤਾਰ ਬਰਸਾਤ ਕਾਰਣ ਫ਼ਸਲ ਨੂੰ ਲੱਗੇ ਵੱਖ-ਵੱਖ ਰੋਗਾਂ ਕਾਰਣ ਜਿੱਥੇ ਝੋਨੇ ਦੇ ਝਾੜ ਵਿਚ ਭਾਰੀ ਕਮੀ ਪਾਈ ਜਾ ਰਹੀ ਹੈ, ਉੱਥੇ ਝੋਨੇ ਵਿਚੋਂ ਨਿਕਲਣ ਵਾਲੇ ਚੌਲ ਦੀ ਮਾਤਰਾ ਵਿਚ ਕਮੀ ਅਤੇ ਬਦਰੰਗ ਹੋਣ ਬਾਰੇ ਸਰਕਾਰ ਨੂੰ ਮਿਲੀਆਂ ਰਿਪੋਰਟਾਂ ਤੋਂ ਬਾਅਦ ਕੇਂਦਰ ਸਰਕਾਰ ਦੀ ਖ਼ਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਅਤੇ ਪੰਜਾਬ ਦੀ ਖ਼ਰੀਦ ਏਜੰਸੀ ਪੰਜਾਬ ਫੂਡ ਸਪਲਾਈਜ਼ ਦੀਆਂ ਸੰਯੁਕਤ ਟੀਮਾਂ ਵਲੋਂ ਸੂਬੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਹੈ | ਇਸ ਦੇ ਚੱਲਦਿਆਂ ਇੱਕ ਪੰਜ ਮੈਂਬਰੀ ਟੀਮ ਜਿਸ ਵਿਚ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਉੱਚ ਅਧਿਕਾਰੀ ਪੀ.ਕੇ. ਸਿੰਘ ਅਤੇ ਪੰਜਾਬ ਫੂਡ ਸਿਵਲ ਸਪਲਾਈਜ਼ ਦੇ ਡਿਪਟੀ ਡਾਇਰੈਕਟਰ ਮੈਡਮ ਰੇਨੂੰ ਬਾਲਾ ਸ਼ਾਮਿਲ ਸਨ ਨੇ ਅਨਾਜ ਮੰਡੀ ਸੰਗਰੂਰ ਦਾ ਦੌਰਾ ਕੀਤਾ ਅਤੇ ਵਿਕਣ ਲਈ ਆਏ ਝੋਨੇ ਦੇ ਸੈਂਪਲ ਲਏ | ਲਏ ਗਏ ਸੈਂਪਲਾਂ ਦੀ ਪਰਖ ਕਰਨ ਤੋਂ ਬਾਅਦ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਸ਼ੈਲਰ ਮਾਲਕਾਂ ਨੂੰ ਬਣਦੀ ਰਿਆਇਤ ਦਿੱਤੀ ਜਾ ਸਕੇ | 'ਅਜੀਤ' ਨਾਲ ਗੱਲਬਾਤ ਕਰਦਿਆਂ ਲੋਕਲ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਪਾਲ ਸਿੰਘ ਟੀਟੂ ਨੇ ਦੱਸਿਆ ਕਿ ਐਫ.ਸੀ.ਆਈ. ਇੱਕ ਕੁਇੰਟਲ ਝੋਨੇ ਮਗਰ ਸ਼ੈਲਰ ਮਾਲਕਾਂ ਤੋਂ 67 ਕਿੱਲੋਂ ਚੌਲ ਲੈਂਦੀ ਹੈ ਜਿਸ ਵਿਚ ਤਿੰਨ ਪ੍ਰਤੀਸ਼ਤ ਬਦਰੰਗ ਅਤੇ ਤਿੰਨ ਪ੍ਰਤੀਸ਼ਤ ਤੱਕ ਡੈਮੇਜ ਦੀ ਛੂਟ ਹੁੰਦੀ ਹੈ, ਪਰ ਇਸ ਵਾਰ ਫ਼ਸਲ ਦੇ ਨਿਸਾਰੇ ਅਤੇ ਪੱਕਣ ਮੌਕੇ ਹੋਈ ਬਰਸਾਤ ਕਾਰਣ ਚੌਲ ਦੀ ਮਾਤਰਾ ਘਟਣ ਦੇ ਨਾਲ ਨਾਲ ਡੈਮੇਜ ਅਤੇ ਬਦਰੰਗ ਦਾਣੇ ਦੀ ਮਾਤਰਾ ਵਧੇਗੀ, ਇਸ ਲਈ ਉਹ ਰਿਆਇਤ ਦੀ ਮੰਗ ਕਰਦੇ ਹਨ | ਇਸ ਮੌਕੇ ਡੀ.ਐਫ.ਐਸ.ਸੀ. ਗੁਰਪ੍ਰੀਤ ਸਿੰਘ ਕੰਗ, ਇੰਸਪੈਕਟਰ ਰਾਜੇਸ਼ ਬਾਂਸਲ, ਦੇ ਨਾਲ ਨਾਲ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਇਲਾਵਾ ਸ਼ੈਲਰ ਐਸੋਸੀਏਸ਼ਨ ਸੋਰਵ ਗੋਇਲ, ਅੰਕੁਰ ਗਰਗ, ਅਮਿਤ ਗੋਇਲ, ਯਾਦਵਿੰਦਰ ਗੋਰਾ, ਗੁਰਮੇਲ ਸਿੰਘ, ਜੋਗਿੰਦਰ ਕੁਮਾਰ ਨਿੱਕਾ, ਅੰਕਿਤ ਬਾਂਸਲ, ਦਿਨੇਸ਼ ਕੁਮਾਰ, ਕਮਲ ਮਿੱਤਲ, ਸ਼ੈਡੀ, ਪਰਮਜੀਤ ਸ਼ਰਮਾ, ਗਗਨਦੀਪ ਸਿੰਘ ਅਤੇ ਹੋਰ ਮੌਜੂਦ ਸਨ |