ਭਵਾਨੀਗੜ੍ਹ, 16 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ 7ਵੇਂ ਦਿਨ ਵਿਚ ਸ਼ਾਮਿਲ ਕਰਦਿਆਂ ਪਿੰਡ ਬਟਰਿਆਣਾ ਦੇ ਦਲਿਤਾਂ ਨੇ ਇੱਕ ਡੰਗ ਚੁੱਲ੍ਹੇ ਨੂੰ ਠੰਡਾ ਰੱਖ ਕੇ ਇਸ ਦੀ ਹਮਾਇਤ ਕੀਤੀ | ਇਸ ਮੌਕੇ 'ਤੇ ਕਮੇਟੀ ਦੇ ਜੋਨਲ ਆਗੂ ਗੁਰਚਰਨ ਸਿੰਘ ਘਰਾਚੋਂ ਅਤੇ ਬਲਾਕ ਆਗੂ ਸੁਖਵਿੰਦਰ ਸਿੰਘ ਬਟੜਿਆਣਾ ਨੇ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਇਹ ਭੁੱਖ ਹੜਤਾਲ ਕਰਦਿਆਂ ਸਰਕਾਰ ਅੱਗੇ ਹੱਕੀ ਮੰਗਾਂ ਜਿਨ੍ਹਾਂ ਵਿਚ ਸੰਘਰਸ਼ੀ ਆਗੂ ਬਿੱਕਰ ਸਿੰਘ ਹਥੋਆ ਨੂੰ ਬਿਨਾਂ ਦੇਰੀ ਰਿਹਾਅ ਕਰਨ, ਬਿੱਕਰ ਸਿੰਘ ਸਮੇਤ ਸਾਰੇ ਸੰਘਰਸ਼ੀਆਂ 'ਤੇ ਕੀਤੇ ਝੂਠੇ ਮਾਮਲੇ ਤੁਰੰਤ ਵਾਪਸ ਲੈਣ ਦੀ ਅਪੀਲ ਕਰਦਿਆਂ ਕਮੇਟੀ ਵੱਲੋਂ ਦਿੱਤੇ ਸੱਦੇ ਤੇ 7 ਵੇਂ ਦਿਨ ਪਿੰਡ ਬਟਰਿਆਣਾ ਦੇ ਦਲਿਤਾਂ ਨੇ ਭੁੱਖ ਹੜਤਾਲ ਦੀ ਦਿ੍ੜ੍ਹਤਾ ਨਾਲ ਹਮਾਇਤ ਕੀਤੀ ਹੈ | ਉਕਤ ਆਗੂਆਂ ਨੇ ਕਿਹਾ ਕਿ ਇਹ ਭੁੱਖ ਹੜਤਾਲ ਬੇਜ਼ਮੀਨੇ ਦਲਿਤਾਂ ਅਤੇ ਛੋਟੇ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਦਾ ਪ੍ਰਤੀਕ ਹੈ | ਕਮੇਟੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਲਿਤਾਂ ਦੀਆਂ ਉਕਤ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਹੋਰ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ 'ਤੇ ਹੋਰ ਆਗੂ ਹਾਜ਼ਰ ਸਨ |