ਅਹਿਮਦਗੜ੍ਹ, 17 ਅਕਤੂਬਰ (ਰਣਧੀਰ ਸਿੰਘ ਮਹੋਲੀ) - ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਹਲਕਾ ਇੰਚਾਰਜ਼ ਸਮਿਤ ਸਿੰਘ ਮਾਨ ਨੇ ਕਾਂਗਰਸ ਦੇ ਰਾਜਨੀਤਿਕ ਵਫ਼ਦ ਦੇ ਹਿੱਸੇ ਵਜੋਂ ਜਰਮਨੀ ਤੋਂ ਪੁੱਜੇ ਵਫ਼ਦ ਨਾਲ ਮੁਲਾਕਾਤ ਕੀਤੀ | ਵਫ਼ਦ ਵਿਚ ਸ਼ਾਮਲ ਆਗੂਆਂ ਦੀ ਚੋਣ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਵਲੋਂ ਕਰਦਿਆਂ ਸਮਿਤ ਸਿੰਘ ਮਾਨ ਨੂੰ ਕਾਂਗਰਸ ਦੇ ਰਾਸ਼ਟਰੀ ਬੁਲਾਰਿਆਂ ਦੇ ਨੁਮਾਇੰਦੇ ਵਜੋਂ ਇਸ ਅਹਿਮ ਵਫ਼ਦ ਵਿਚ ਸ਼ਾਮਿਲ ਕੀਤਾ ਗਿਆ | ਸਮਿਤ ਸਿੰਘ ਮਾਨ ਨੇ ਕਾਂਗਰਸ ਦੇ ਸਾਥੀਆਂ ਏ.ਆਈ.ਸੀ.ਸੀ. ਸਕੱਤਰ ਗੌਰਵ ਪਾਂਧੀ ਅਤੇ ਏ.ਆਈ.ਸੀ.ਸੀ. ਸਕੱਤਰ ਰਣਵਿਜੈ ਲੋਚਵ ਨਾਲ ਕੇ.ਏ.ਐੱਸ. ਦਫ਼ਤਰ, ਜਰਮਨ ਦੂਤਾਵਾਸ, ਨਵੀਂ ਦਿੱਲੀ ਵਿਖੇ ਜਰਮਨੀ ਦੀ ਸੱਤਾਧਾਰੀ ਪਾਰਟੀ ਦੇ ਰਾਜਨੀਤਿਕ ਯੁਵਾ ਸੰਗਠਨ 'ਜੰਗੇ ਯੂਨੀਅਨ ਨੋਰਡਵੁਰਟਮਬਰਗ' ਦੇ ਵਫ਼ਦ ਨਾਲ ਦੁਪਹਿਰ ਦੇ ਖਾਣੇ 'ਤੇ ਵਿਚਾਰਾਂ ਦੀ ਸਾਂਝ ਪਾਈ | ਸੁਮਿਤ ਮਾਨ ਨੇ ਦਸਿਆ ਕਿ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ, ਭਾਰਤ ਤੇ ਜਰਮਨੀ, ਵਿਚ ਰਾਜਨੀਤੀ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਦੇ ਨਾਲ-ਨਾਲ ਦੋਵਾਂ ਮੁਲਕਾਂ ਵਿਚਕਾਰ ਸੱਭਿਆਚਾਰਕ ਸਮਝ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਬਾਰੇ ਸਾਰਥਕ ਚਰਚਾ ਤੋਂ ਇਲਾਵਾ ਭਾਰਤ ਤੇ ਯੂਰੋਪੀ ਸੰਘ ਦੇ ਰਿਸ਼ਤਿਆਂ ਬਾਰੇ ਵੀ ਅਹਿਮ ਵਿਚਾਰਾਂ ਹੋਈਆਂ | ਮਾਨ ਨੇ ਇਸ ਵਫ਼ਦ ਦਾ ਹਿੱਸਾ ਬਣਾਉਣ ਲਈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਦਾ ਵਿਸ਼ੇਸ਼ ਧੰਨਵਾਦ ਕੀਤਾ | ਜਿਕਰਯੋਗ ਹੈ ਕਿ ਇਸ ਅੰਤਰਰਾਸ਼ਟਰੀ ਪੱਧਰੀ ਪ੍ਰੋਗਰਾਮ ਵਿਚ ਸ਼ਮੂਲੀਅਤ ਨਾਲ ਸਮਿਤ ਸਿੰਘ ਮਾਨ ਦਾ ਸਿਆਸੀ ਕੱਦ ਤੇ ਪਹਿਚਾਣ ਪੰਜਾਬ ਤੋਂ ਇਲਾਵਾ ਕਾਂਗਰਸ ਦੇ ਨੌਜਵਾਨ ਆਗੂ ਤੇ ਵਿਦੇਸ਼ੀ ਸੰਬੰਧਾਂ ਦੇ ਜਾਣਕਾਰ ਚਿਹਰੇ ਵਜੋ ਉੱਭਰਿਆ |