ਸੰਗਰੂਰ, 17 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਤਿਉਹਾਰਾਂ ਦੇ ਇਸ ਸੀਜਨ ਦੇ ਮੱਦੇਨਜ਼ਰ ਸਹਾਇਕ ਕਮਿਸ਼ਨਰ (ਫੂਡ ਸੇਫਟੀ) ਅਦਿਤੀ ਗੁਪਤਾ, ਫੂਡ ਸੇਫਟੀ ਅਫਸਰ ਸੀਮਾ ਰਾਣੀ, ਗੌਰਵ ਕੁਮਾਰ ਦੀ ਟੀਮ ਵਲੋਂ ਜ਼ਿਲ੍ਹੇ ਵਿਚ ਖਨੌਰੀ, ਮੂਨਕ, ਧੂਰੀ, ਸ਼ੇਰਪੁਰ, ਲਹਿਰਾ, ਸੁਨਾਮ, ਭਵਾਨੀਗੜ੍ਹ, ਦਿੜਬਾ ਅਤੇ ਹੋਰ ਵੱਖ ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ | ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਬੈਂਬੀ ਨੇ ਦੱਸਿਆ ਕਿ ਟੀਮ ਵਲੋਂ ਜ਼ਿਲ੍ਹੇ ਭਰ ਵਿਚ ਦੁੱਧ, ਪਨੀਰ, ਦੇਸੀ ਘਿਓ ਆਦਿ ਖੁਰਾਕ ਪਦਾਰਥਾਂ ਦੇ 86 ਤੋਂ ਵੱਧ ਸੈਂਪਲ ਭਰ ਕੇ ਸਰਕਾਰੀ ਫੂਡ ਲੈਬਾਰਟਰੀ ਵਿਚ ਟੈਸਟ ਕਰਨ ਲਈ ਭੇਜੇ ਜਾ ਚੁੱਕੇ ਹਨ, ਰਿਪੋਰਟ ਆਉਣ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਨੇ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਮਿਆਰੀ ਤੇ ਸ਼ੁੱਧ ਵਸਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਉਣ | ਉਨ੍ਹਾਂ ਕਿਹਾ ਕਿ ਦੁੱਧ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਵਸਤੂਆਂ ਜਿਵੇਂ ਦਹੀਂ, ਖੋਆ, ਪਨੀਰ ਲੱਸੀ ਆਦਿ ਆਪਣੇ ਅਦਾਰੇ ਵਿਚ ਹੀ ਤਿਆਰ ਕਰਨ | ਉਨ੍ਹਾਂ ਕਿਹਾ ਕਿ ਮਠਿਆਈਆਂ ਆਦਿ ਬਣਾਉਣ ਲਈ ਮਿਆਰੀ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ, ਮਾਨਤਾ ਪ੍ਰਾਪਤ ਨਿਰਧਾਰਤ ਮਾਪਦੰਡ ਅਨੁਸਾਰ ਫੂਡ ਕਲਰ ਵਰਤੇ ਜਾਣ, ਕੇਵਲ ਸ਼ੁੱਧ ਚਾਂਦੀ ਦੇ ਵਰਕ ਦੀ ਹੀ ਵਰਤੋਂ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਕੋਲਡ ਸਟੋਰਾਂ ਵਿਚ ਖੋਆ ਤੇ ਹੋਰ ਮਠਿਆਈਆਂ ਨੂੰ ਸਟੋਰ ਨਾ ਕੀਤਾ ਜਾਵੇ, ਸੀਮਤ ਸਮੇਂ ਲਈ ਮਠਿਆਈਆਂ ਜਾਂ ਖੋਆ ਆਪਣੇ ਅਦਾਰੇ ਅੰਦਰ ਬਣੇ ਚੈਂਬਰ ਵਿਚ ਹੀ ਸਟੋਰ ਕੀਤਾ ਜਾਵੇ | ਉਨ੍ਹਾਂ ਸਮੂਹ ਹਲਵਾਈਆਂ, ਕਰਿਆਨਾ ਅਤੇ ਡੇਅਰੀ ਵਾਲਿਆਂ ਨੂੰ ਕਿਹਾ ਕਿ ਖਾਣ ਪੀਣ ਦੀਆਂ ਵਸਤੂਆਂ ਦੀ ਸ਼ੁੱਧਤਾ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ ਅਤੇ ਦੁਕਾਨਾਂ 'ਤੇ ਕੰਮ ਕਰਨ ਵਾਲੇ ਵਿਅਕਤੀਆਂ ਦੀ ਨਿੱਜੀ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਸਮਾਨ ਤਿਆਰ ਕਰਦੇ ਸਮੇਂ ਸਿਰ ਨੂੰ ਕੱਪੜੇ ਜਾਂ ਟੋਪੀ ਆਦਿ ਨਾਲ ਚੰਗੀ ਤਰਾਂ ਢਕਿਆ ਜਾਵੇ, ਦਸਤਾਨੇ ਪਹਿਨੇ ਜਾਣ ਅਤੇ ਸਾਰੇ ਕਾਮਿਆਂ ਦਾ ਮੈਡੀਕਲ ਵੀ ਕਰਵਾਇਆ ਜਾਵੇ |