ਲੌਂਗੋਵਾਲ 17 ਅਕਤੂਬਰ (ਸ.ਸ.ਖੰਨਾ, ਵਿਨੋਦ) ਸਥਾਨਕ ਕਸਬੇ ਦੇ ਵਿਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੇ ਕੇ ਵਿਕਾਸ ਕਾਰਜ ਕਰਵਾਉਣ ਨੂੰ ਲੈ ਕੇ ਸੋਹਲੇ ਗਾਏ ਜਾ ਰਹੇ ਹਨ ਉਥੇ ਹੀ ਪੱਤੀ ਗਾਹੂ ਦੇ ਪਰਮਿੰਦਰ ਸਿੰਘ ਮਿੱਠਾ, ਚਮਕੌਰ ਸਿੰਘ ਵਾਲੀਆ, ਹਰਪਾਲ ਸਿੰਘ, ਲੀਲ੍ਹਾ ਸਿੰਘ ਗੋਸਲ ,ਗੁਰਦੀਪ ਸਿੰਘ ਗੋਸਲ ਆਦਿ ਲੋਕਾਂ ਨੇ ਦੋਸ਼ ਲਗਾਏ ਹਨ ਕਿ ਜਿੱਥੋਂ ਵਾਰਡ ਨੰਬਰ 12 ਦੀ ਹੱਦਬੰਦੀ ਸ਼ੁਰੂ ਹੋ ਜਾਂਦੀ ਹੈ ਤਾਂ ਉੱਥੇ ਆ ਕੇ ਸਾਡੇ ਵਾਰਡ ਦੇ ਵਿਕਾਸ ਕਾਰਜ ਠੱਪ ਹੋ ਜਾਂਦੇ ਹਨ | ਜਿਸ ਦੀ ਮਿਸਾਲ ਵਜੋਂ ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਉਰਫ਼ ਮਿੱਠਾ ਪੁੱਤਰ ਅਜੈਬ ਸਿੰਘ, ਬਗਨੇ ਨਾਥ ਵਾਲੀ ਗਲੀ ਅਤੇ ਇਸਦੇ ਨਾਲ ਹੋਰ ਕਈ ਗਲੀਆਂ ਦੇ ਪਿਛਲੇ ਇੱਕ ਸਾਲ ਤੋਂ ਟੈਂਡਰ ਲੱਗੇ ਹੋਏ ਹਨ ਪਰ ਅੱਜ ਤੱਕ ਉਨ੍ਹਾਂ ਵਿਚ ਇੱਕ ਵੀ ਇੱਟ ਨਹੀਂ ਲਗਾਈ ਗਈ | ਜੇਕਰ ਗੱਲ ਕਰੀਏ ਸਟਰੀਟ ਲਾਈਟਾਂ ਦੀ ਉਹ ਡਰੇਨ ਦੇ ਪੁਲ ਤੱਕ ਅਤੇ ਬਡਬਰ ਰੋਡ ਤੋਂ ਲੈ ਕੇ ਰਾਮ ਬਾਗ਼ ਤੱਕ ਲੱਗ ਚੁੱਕੀਆਂ ਹਨ | ਜ਼ਿਕਰਯੋਗ ਹੈ ਕਿ ਜਿੱਥੋਂ ਵਾਰਡ ਨੰਬਰ 12 ਸ਼ੁਰੂ ਹੁੰਦਾ ਹੈ ਉੱਥੇ ਆ ਕੇ ਸਟਰੀਟ ਲਾਈਟਾਂ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਹੀ ਵਾਰਡ ਦੇ ਲੋਕਾਂ ਨਾਲ ਇਹ ਵਿਤਕਰਾ ਕਿਉਂ ਕੀਤਾ ਜਾਂਦਾ ਹੈ | ਇਸ ਦੇ ਨਾਲ ਉਕਤ ਵਾਰਡ ਵਿਚ ਸਫ਼ਾਈ ਨੂੰ ਲੈ ਕੇ ਬਹੁਤ ਹੀ ਮਾੜਾ ਹਾਲ ਹੈ ਉਨ੍ਹਾਂ ਕਿਹਾ ਸਾਡੇ ਮਹੱਲੇ ਵਿਚ ਡੇਂਗੂ ਮਲੇਰੀਆ ਚਿਕਨ ਗੁਣੀਆ ਵਰਗੀਆਂ ਆਪਣੇ ਪੈਰ ਪਸਾਰ ਚੁੱਕੀਆਂ ਹਨ ਜਿਸ ਦੇ ਨਾਲ ਬਹੁਤ ਲੋਕ ਬਿਮਾਰ ਪਏ ਹਨ ਅਤੇ ਉਹ ਆਪਣੇ ਮਹਿੰਗੇ ਇਲਾਜ ਕਰਾਉਣ ਤੋਂ ਅਸਮਰਥ ਹਨ | ਮੌਜੂਦਾ ਕੌਂਸਲਰ ਅਤੇ ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਵਾਰਡ ਦੇ ਰਹਿੰਦੇ ਵਿਕਾਸ ਕਾਰਜ ਜਲਦੀ ਨੇਪਰੇ ਚਾੜੇ ਜਾਣ ਅਤੇ ਪਹਿਲ ਦੇ ਆਧਾਰ 'ਤੇ ਸਾਫ਼ ਸਫ਼ਾਈ ਕਰਵਾਈ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਜਦੋਂ ਇਸ ਸਬੰਧੀ ਕਾਰਜ ਸਾਧਕ ਅਫ਼ਸਰ ਬਾਲ ਕਿ੍ਸ਼ਨ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਇਸ ਵਾਰਡ ਦੇ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਅਧੂਰੇ ਪਏ ਹਨ ਉਹ ਫ਼ੰਡਾਂ ਦੀ ਘਾਟ ਕਾਰਨ ਅੱਧ ਵਿਚਕਾਰ ਹੀ ਪਏ ਹਨ | ਫੰਡ ਜਾਰੀ ਹੋਣ ਤੇ ਇਹ ਵਿਕਾਸ ਕਾਰਜ ਜਲਦੀ ਪੂਰੇ ਕੀਤੇ ਜਾਣਗੇ | ਜਦੋਂ ਸਫ਼ਾਈ ਨੂੰ ਲੈ ਕੇ ਸੈਂਨਟਰੀ ਇੰਸਪੈਕਟਰ ਨਾਲ ਫ਼ੋਨ 'ਤੇ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦਾ ਫ਼ੋਨ ਆਊਟ ਆਫ਼ ਰੇਂਜ ਆ ਰਿਹਾ ਸੀ | ਸਥਾਨਕ ਲੋਕਾਂ ਦਾ ਕਹਿਣਾ ਹੈ ਜੇਕਰ ਸਾਡੇ ਮਸਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿਚ ਨਗਰ ਕੌਂਸਲ ਅਧਿਕਾਰੀਆਂ ਦੇ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ |