ਮੱਖੂ, 16 ਜੂਨ (ਕੁਲਵਿੰਦਰ ਸਿੰਘ ਸੰਧੂ)-ਇਕ ਬਾਂਦਰ ਮੱਖੂ ਸ਼ਹਿਰ 'ਚ ਦਾਖਲ ਹੋ ਗਿਆ ਹੈ ਅਤੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਕਰ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਮੱਖੂ ਦੇ ਕੌਂਸਲਰ ਵੀਨੂ ਸ਼ਾਹ ਨੇ ਦੱਸਿਆ ਕਿ ਇਹ ਬਾਂਦਰ ਮੱਖੂ ਸ਼ਹਿਰ ਵਾਸੀਆਂ ਲਈ ਇਕ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ ਅਤੇ ਘਰੇਲੂ ਬਗੀਚੀ ਵਿਚ ਲੱਗੀਆਂ ਸਬਜ਼ੀਆਂ ਤੇ ਫੁੱਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਜਦੋਂ ਕੋਈ ਇਸ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਪਿੱਛੇ ਲੱਗ ਜਾਂਦਾ ਹੈ | ਉਨ੍ਹਾਂ ਨੇ ਕਿਹਾ ਅਸੀਂ ਜੀਵ ਜੰਤੂ ਵਿਭਾਗ ਨੂੰ ਬੇਨਤੀ ਕਰਦੇ ਹਾਂ ਕਿ ਇਸ ਬਾਂਦਰ ਨੂੰ ਫੜ ਕੇ ਕਿਸੇ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਜਾਵੇ ਤਾਂ ਜੋ ਇਹ ਬਾਂਦਰ ਕਿਸੇ ਦਾ ਨੁਕਸਾਨ ਨਾ ਕਰ ਦੇਵੇ | ਜਦ ਇਸ ਸਬੰਧ ਵਿਚ ਲਖਵਿੰਦਰ ਸਿੰਘ ਡੀ.ਐਫ.ਓ ਜੀਵ ਜੰਤੂ ਵਿਭਾਗ ਹਰੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ |