ਫ਼ਿਰੋਜ਼ਪੁਰ, 16 ਜੂਨ (ਕੁਲਬੀਰ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੇ ਸੂਬਾ ਜਨਰਲ ਸਕੱਤਰ ਗੁਰਸੇਵਕ ਸਿੰਘ ਧਾਲੀਵਾਲ ਤੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫੁੱਲਰਵਨ ਨੇ ਸੂਬਾ ਸਰਕਾਰ ਦੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨਿਰਵਿਘਨ ਦੇਣ ਦੇ ਦਾਅਵਿਆਂ ਨੂੰ ਠੁੱਸ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਪੂਰੇ ਜੋਰਾਂ 'ਤੇ ਚੱਲ ਰਿਹਾ ਹੈ ਤੇ ਕਿਸਾਨਾਂ ਨੂੰ ਬਿਜਲੀ ਦੀ ਸਖ਼ਤ ਲੋੜ ਹੈ, ਪਰ ਕਿਸਾਨਾਂ ਨੂੰ ਸੂਬਾ ਸਰਕਾਰ ਵਲੋਂ ਖੇਤਾਂ ਨੂੰ ਦੇਣ ਵਾਲੀ ਬਿਜਲੀ ਸਪਲਾਈ ਪੂਰੀ ਨਹੀਂ ਮਿਲ ਰਹੀ, ਜਿਸ ਕਰਕੇ ਕਿਸਾਨ ਵਰਗ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਹਿੰਗੇ ਮੁੱਲ ਦਾ ਡੀਜ਼ਲ ਫ਼ੂਕ ਕੇ ਪਾਣੀ ਵਾਲੀਆਂ ਮੋਟਰਾਂ ਚਲਾਉਣ ਲਈ ਮਜਬੂਰ ਹੋ ਗਏ ਹਨ | ਪਰ ਮੱਧਮ ਤੇ ਗ਼ਰੀਬ ਵਰਗ ਦੇ ਕਿਸਾਨ ਪਹਿਲਾਂ ਹੀ ਆਰਥਿਕ ਕਮਜ਼ੋਰੀ ਦਾ ਸ਼ਿਕਾਰ ਹੈ, ਜਿਸ ਕਰਕੇ ਉਹ ਬਿਜਲੀ ਸਪਲਾਈ 'ਤੇ ਹੀ ਨਿਰਭਰ ਹੈ ਤੇ ਨੁਕਸਾਨ ਝੱਲ ਰਿਹਾ ਹੈ | ਸੂਬਾ ਸਕੱਤਰ ਗੁਰਸੇਵਕ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਅੱਠ ਘੰਟੇ ਦਾ ਕਿਸਾਨਾਂ ਨੂੰ ਲਗਾਤਾਰ ਲਾਈਟ ਦੇਣ ਦਾ ਐਲਾਨ ਕੀਤਾ ਹੋਇਆ ਹੈ, ਜੋ ਸਿਰਫ਼ ਐਲਾਨ ਬਣ ਕੇ ਹੀ ਰਹਿ ਗਿਆ ਤੇ ਕਿਸਾਨਾਂ ਨੂੰ ਲਗਾਤਾਰ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗਰਮੀ ਦੇ ਕਾਰਨ ਕਈ ਕਿਸਾਨਾਂ ਦੇ ਟਰਾਂਸਫਾਰਮ ਸੜ ਗਏ ਹਨ ਅਤੇ ਫ਼ਿਰੋਜ਼ਪੁਰ ਬਿਜਲੀ ਬੋਰਡ ਕੋਲ ਕੋਈ ਵੀ ਟਰਾਂਸਫਾਰਮ ਦਾ ਪ੍ਰਬੰਧ ਨਹੀਂ ਹੈ, ਜਿਸ ਕਰਕੇ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਖੱਜਲ ਖ਼ਰਾਬੀ ਕੀਤੀ ਜਾ ਰਹੀ ਹੈ | ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫੁੱਲਰਵਨ ਨੇ ਦੱਸਿਆ ਕਿ ਵੱਡੀ ਸੰਖਿਆ ਵਿਚ ਕਿਸਾਨਾਂ ਦੇ ਟਰਾਂਸਫ਼ਾਰਮਰ ਸੜੇ ਹੋਏ ਹਨ ਅਤੇ ਬਿਜਲੀ ਵਿਭਾਗ ਵਲੋਂ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ | ਜਿਸ ਕਰਕੇ ਕਿਸਾਨਾਂ ਦੀ ਦਿਨ-ਬ-ਦਿਨ ਮੁਸ਼ਕਿਲ ਵਧਦੀ ਜਾ ਰਹੀ ਹੈ | ਪ੍ਰਧਾਨ ਫੁੱਲਰਵਨ ਨੇ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਵਿਚ ਝੋਨਾ ਲੱਗਿਆ ਹੋਇਆ ਹੈ ਤੇ ਪਾਣੀ ਦੀ ਕਮੀ ਹੋਣ ਕਰਕੇ ਜ਼ਮੀਨਾਂ ਵਿਚ ਤਰੇੜਾਂ ਪੈ ਗਈਆਂ ਹਨ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਵਰਗ ਨੂੰ ਆਪਣੀ ਜ਼ਮੀਨ ਵਿਚ ਦੁਬਾਰਾ ਝੋਨਾ ਲਵਾਉਣ ਲਈ ਮਿਹਨਤ ਕਰਨੀ ਪਈ ਤਾਂ ਇਸ ਲਈ ਬਿਜਲੀ ਵਿਭਾਗ ਜ਼ਿੰਮੇਵਾਰ ਹੋਵੇਗਾ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਬਿਜਲੀ ਵਿਭਾਗ ਵਲੋਂ ਜਲਦ ਕੋਈ ਹੱਲ ਨਾ ਕੀਤਾ ਗਿਆ ਤੇ ਕਿਸਾਨਾਂ ਨੂੰ ਇਸ ਤੋਂ ਜ਼ਿਆਦਾ ਖੱਜਲ ਖ਼ਰਾਬੀ ਦਾ ਸਾਹਮਣਾ ਕਰਨਾ ਪਿਆ ਤਾਂ ਸਾਡਾ ਸੜਕਾਂ 'ਤੇ ਆਉਣਾ ਤੈਅ ਹੈ | ਇਸ ਸਮੇਂ ਬਲਾਕ ਪ੍ਰਧਾਨ ਗੁਰਭੇਜ ਸਿੰਘ ਚੱਠਾ, ਪਿਆਰਾ ਸਿੰਘ ਬਲਾਕ ਪ੍ਰਧਾਨ, ਜੋਗਾ ਸਿੰਘ ਬਲਾਕ ਪ੍ਰਧਾਨ, ਸੁਖਜੀਤ ਸਿੰਘ ਬਲਾਕ ਪ੍ਰਧਾਨ, ਸ਼ਹਿਰੀ ਬਲਾਕ ਪ੍ਰਧਾਨ ਰਣਜੀਤ ਸਿੰਘ ਅਤੇ ਗੁਰੂਹਰਗਾਏ ਬਲਾਕ ਪ੍ਰਧਾਨ ਗੁਰਮੁਖ ਸਿੰਘ ਆਦਿ ਹਾਜ਼ਰ ਸਨ |