ਫ਼ਿਰੋਜ਼ਪੁਰ, 16 ਜੂਨ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰੋਂ ਨਿੱਤ ਦਿਹਾੜੇ ਮਿਲਦੇ ਮੋਬਾਈਲ ਫੋਨ, ਨਸ਼ੇ ਅਤੇ ਹੋਰ ਵਰਜਿਤ ਵਸਤੂਆਂ ਦੀਆਂ ਰਿਪੋਰਟਾਂ ਤੋਂ ਬਾਅਦ ਅੱਜ ਫ਼ਿਰੋਜ਼ਪੁਰ ਪੁਲਿਸ ਵਲੋਂ ਕੇਂਦਰੀ ਜੇਲ੍ਹ ਅੰਦਰ ਤਲਾਸ਼ੀ ਅਭਿਆਨ ਚਲਾਇਆ ਗਿਆ | ਐਸ.ਪੀ (ਡੀ) ਮਨਜੀਤ ਸਿੰਘ ਦੀ ਅਗਵਾਈ ਵਿਚ ਚੱਲੇ ਇਸ ਤਲਾਸ਼ੀ ਅਭਿਆਨ ਵਿਚ ਦੋ ਡੀ.ਐਸ.ਪੀਜ਼, ਚਾਰ ਐੱਸ.ਐਚ.ਓਜ਼ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਸਨ | ਪ੍ਰਾਪਤ ਜਾਣਕਾਰੀ ਅਨੁਸਾਰ ਭਾਰੀ ਪੁਲਿਸ ਬਲ ਅਤੇ ਜੇਲ੍ਹ ਪ੍ਰਸ਼ਾਸਨ ਨਾਲ ਕੇਂਦਰੀ ਜੇਲ੍ਹ ਅੰਦਰ ਬਰੀਕੀ ਨਾਲ ਕੀਤੀ ਚੈਕਿੰਗ ਦੌਰਾਨ ਪੁਲਿਸ ਦੇ ਹੱਥ ਕੁਝ ਖਾਸ ਨਹੀਂ ਲੱਗਾ | ਗੱਲਬਾਤ ਕਰਦਿਆਂ ਐਸ.ਪੀ (ਡੀ) ਮਨਜੀਤ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ ਪੁਲਿਸ ਵਲੋਂ ਅੱਜ ਸੈਂਟਰਲ ਜੇਲ੍ਹ ਫ਼ਿਰੋਜ਼ਪੁਰ ਵਿਚ ਰੁਟੀਨ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਜੋ ਜੇਲ੍ਹ 'ਚ ਨਸ਼ਾ ਰਹਿਤ ਵਾਤਾਵਰਨ ਬਣਾਇਆ ਜਾ ਸਕੇ ਅਤੇ ਕਾਨੂੰਨ ਵਿਵਸਥਾ, ਪਾਰਦਰਸ਼ਤਾ 'ਤੇ ਲੋਕਾਂ ਦਾ ਭਰੋਸਾ ਬਣਿਆ ਰਹੇ | ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਅੰਦਰੋਂ ਲਗਾਤਾਰ ਮੋਬਾਈਲ ਫੋਨਾਂ, ਨਸ਼ਿਆਂ ਤੇ ਹੋਰ ਵਰਜਿਤ ਵਸਤੂਆਂ ਦੀ ਬਰਾਮਦਗੀ ਨੂੰ ਲੈ ਕੇ ਉੱਚ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਚੈਕਿੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਚੈਕਿੰਗ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹੇਗੀ |