ਫ਼ਿਰੋਜ਼ਪੁਰ, 16 ਜੂਨ (ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਮੱਲਾਂਵਾਲਾ ਰੋਡ 'ਤੇ ਸਥਿਤ ਬੇਦੀ ਕਾਲੋਨੀ ਫੇਸ-2 ਵਿਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਕਾਲੋਨੀ ਨਿਵਾਸੀ ਨਰਕ ਭਰੀ ਜ਼ਿੰਦਗੀ ਜੀਅ ਲਈ ਮਜਬੂਰ ਹੋ ਰਹੇ ਹਨ | ਸੀਵਰੇਜ ਜਾਮ ਹੋਣ ਦੇ ਕਾਰਨ ਗੰਦਾ ਪਾਣੀ ਗਲੀਆਂ ਦੇ ਵਿਚ ਮਸਤੀਆਂ ਮਾਣ ਰਿਹਾ ਹੈ ਜਿਸ ਕਾਰਨ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ | ਕਾਲੋਨੀ ਨਿਵਾਸੀਆਂ ਵਲੋਂ ਕਈ ਵਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਪਰ ਅਧਿਕਾਰੀਆਂ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਾਂ ਇਉਂ ਕਹਿ ਲਓ ਕਿ ਸੀਵਰੇਜ ਬੋਰਡ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ | ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਜਲਦੀ ਕੋਈ ਹੱਲ ਨਹੀਂ ਹੋਇਆ ਤਾਂ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ | ਕਾਲੋਨੀ ਨਿਵਾਸੀ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਕਈ ਮਹੀਨਿਆਂ ਇਸੇ ਤਰ੍ਹਾਂ ਸੀਵਰੇਜ ਦੀ ਸਮੱਸਿਆ ਚੱਲ ਰਹੀ ਹੈ ਸੀਵਰੇਜ ਦਾ ਪਾਣੀ ਖੜ੍ਹਨ ਦੇ ਨਾਲ ਮੱਛਰ, ਮੱਖੀਆਂ ਦਾ ਘਰ ਬਣ ਗਿਆ ਹੈ ਜਿਸ ਕਾਰਨ ਜਿਵੇਂ ਡੇਂਗੂ, ਮਲੇਰੀਆ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਸਕਦੀਆਂ ਹਨ | ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਪਾਣੀ ਦੀ ਬਦਬੂ ਦੇ ਨਾਲ ਸਾਹ ਲੈਣ ਵਿਚ ਵੀ ਕਾਫ਼ੀ ਤਕਲੀਫ਼ ਹੋ ਰਹੀ ਹੈ | ਸੀਵਰੇਜ ਦੇ ਗੰਦੇ ਪਾਣੀ ਦੇ ਕਾਰਨ ਆਵਾਜਾਈ ਵਿਚ ਬਹੁਤ ਮੁਸ਼ਕਿਲ ਹੋ ਰਹੀ ਹੈ | ਜਦੋਂ ਵਾਰਡ ਨੰਬਰ 14 ਦੇ ਕਾਂਗਰਸ ਦੇ ਐਮ.ਸੀ ਕਸ਼ਮੀਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੀਵਰੇਜ ਜਾਮ ਦੀ ਸਮੱਸਿਆ ਬਾਰੇ ਕਈ ਵਾਰ ਸੀਵਰੇਜ ਬੋਰਡ ਨੂੰ ਫ਼ੋਟੋਆਂ ਅਤੇ ਵੀਡੀਓ ਭੇਜੀਆਂ ਗਈਆਂ ਹਨ | ਉਨ੍ਹਾਂ ਦੇ ਅਧਿਕਾਰੀ ਨਾ ਤਾਂ ਆਪ ਆਏ ਨਾ ਹੀ ਉਨ੍ਹਾਂ ਵਲੋਂ ਕੋਈ ਵੀ ਕਾਰਵਾਈ ਜਾਂ ਸਫ਼ਾਈ ਕਰਵਾਈ ਗਈ | ਜਿਸ ਦਾ ਖ਼ਮਿਆਜ਼ਾ ਕਾਲੋਨੀ ਨਿਵਾਸੀਆਂ ਨੂੰ ਇਸ ਗੰਦੇ ਪਾਣੀ ਦੇ ਵਿਚੋਂ ਲੰਘ ਕੇ ਭੁਗਤਣਾ ਪੈ ਰਿਹਾ ਹੈ | ਜਦੋਂ ਸੀਵਰੇਜ ਬੋਰਡ ਦੇ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਕਾਲੋਨੀ ਨਿਵਾਸੀਆਂ ਦੀ ਮੰਗ ਹੈ ਕਿ ਸੀਵਰੇਜ ਜਾਮ ਦੀ ਸਮੱਸਿਆ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਦਿਵਾਇਆ ਜਾਵੇ |