ਮੱਲਾਂਵਾਲਾ, 16 ਜੂਨ (ਗੁਰਦੇਵ ਸਿੰਘ)-ਮੱਲਾਂਵਾਲਾ ਦੇ ਨਜ਼ਦੀਕ ਪੈਂਦੇ ਪਿੰਡ ਕਾਮਲ ਵਾਲਾ ਖ਼ੁਰਦ (ਚੰਦੇ ਵਾਲੀ) ਵਿਖੇ ਨਹਿਰ ਵਿਚ ਪਾੜ ਪੈ ਜਾਣ ਕਾਰਨ ਸੈਂਕੜੇ ਏਕੜ ਰਕਬਾ ਪਾਣੀ 'ਚ ਡੁੱਬ ਗਿਆ | ਪਾਣੀ ਦੇ ਚੜ੍ਹ ਜਾਣ ਕਾਰਨ ਖੇਤਾਂ ਵਿਚ ਲੱਗੀ ਝੋਨੇ ਦੀ ਫ਼ਸਲ, ਪਨੀਰੀ, ਹਰੇ ਚਾਰੇ ਅਤੇ ਸਬਜ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਇਸ ਤੋਂ ਇਲਾਵਾ ਕਿਸਾਨਾਂ ਵਲੋਂ ਕੀਤੀ ਗਈ ਝੋਨੇ ਦੀ ਸਿੱਧੀ ਬਿਜਾਈ ਵੀ ਪਾਣੀ ਨਾਲ ਪ੍ਰਭਾਵਿਤ ਹੋਈ ਹੈ | ਪਾਣੀ ਨੇ ਖੇਤਾਂ 'ਚ ਲੱਗੀਆਂ ਮੋਟਰਾਂ, ਖੂਈਆਂ ਅਤੇ ਕਈ ਢਾਣੀਆਂ ਦੇ ਘਰਾਂ ਤੱਕ ਪਹੁੰਚ ਕਰ ਲਿਆ ਹੈ | ਕਿਸਾਨ ਬਾਬਾ ਸੁਖਦੇਵ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਸੁਖਵੰਤ ਸਿੰਘ, ਦਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਰਾਤ ਸਮੇਂ ਨਹਿਰ 'ਚ ਪਏ ਪਾੜ ਨੂੰ ਕਿਸਾਨਾਂ ਵਲੋਂ ਆਪਣੇ ਪੱਧਰ 'ਤੇ ਅਤੇ ਸਬੰਧਿਤ ਮਹਿਕਮੇ ਦੇ ਸਹਿਯੋਗ ਨਾਲ ਪੂਰਿਆ ਜਾ ਰਿਹਾ ਹੈ | ਉਨ੍ਹਾਂ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਝੋਨੇ ਦੀ ਫ਼ਸਲ, ਪਨੀਰੀ, ਚਾਰੇ ਅਤੇ ਹੋਰ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ |