ਮੁੱਦਕੀ, 16 ਜੂਨ (ਭਾਰਤ ਭੂਸ਼ਨ ਅਗਰਵਾਲ)-ਮੁੱਦਕੀ ਦੇ ਲੋਹਾਮ ਰੋਡ 'ਤੇ ਸਥਿਤ ਐੱਸ.ਬੀ. ਪੈਸਟੀਸਾਈਡ ਦੀ ਦੁਕਾਨ 'ਤੇ ਅੱਜ ਸਵੇਰੇ ਕਰੀਬ 4 ਚੋਰਾਂ ਵਲੋਂ ਦੁਕਾਨ ਦਾ ਸ਼ਟਰ ਚੁੱਕ ਕੇ ਅੰਦਰੋਂ 20 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਲੈਪਟਾਪ ਚੋਰੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਖੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੀ ਦੁਕਾਨ ਅੱਗੋਂ ਲੰਘ ਰਹੇ ਕਿਸੇ ਰਾਹਗੀਰ ਵਲੋਂ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਉੱਪਰ ਕਰਕੇ ਵਿੰਗਾ ਕੀਤਾ ਹੋਇਆ ਹੈ, ਜਦ ਉਹ ਦੁਕਾਨ 'ਤੇ ਪੁੱਜੇ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ | ਇਸ ਸਬੰਧੀ ਉਨ੍ਹਾਂ ਵਲੋਂ ਸਥਾਨਕ ਪੁਲਿਸ ਚੌਂਕੀ ਨੂੰ ਸੂਚਿਤ ਕੀਤਾ ਗਿਆ, ਜਿਸ ਬਾਅਦ ਦੁਕਾਨ ਅੰਦਰ ਵੇਖਿਆ ਕਿ ਦੁਕਾਨ 'ਚੋਂ 20 ਹਜ਼ਾਰ ਰੁਪਏ ਦੀ ਨਗਦੀ ਤੇ ਇਕ ਲੈਪਟਾਪ ਚੋਰੀ ਕੀਤਾ ਗਿਆ | ਓਧਰ ਪੁਲਿਸ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਆਸ-ਪਾਸ ਲੱਗੇ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਇਹ ਚੋਰੀ ਸਵੇਰੇ ਦਿਨ ਚੜ੍ਹਦੇ ਦੀ ਦੱਸੀ ਜਾ ਰਹੀ ਹੈ | ਇਸ ਹੋਈ ਚੋਰੀ ਨੂੰ ਲੈ ਕੇ ਸਥਾਨਕ ਦੁਕਾਨਦਾਰਾਂ 'ਚ ਪੂਰੀ ਤਰ੍ਹਾਂ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ |